ਕ੍ਰਿਸ਼ਨ ਗਰਗ,ਹੱਕ ਸੱਚ ਦੀ ਬਾਣੀ
ਭਵਾਨੀਗੜ੍ਹ:19 ਅਪ੍ਰੈਲ ਜ਼ਿਲ੍ਹਾ ਚੈੱਸ ਐਸੋਸੀਏਸ਼ਨ ਸੰਗਰੂਰ ਵੱਲੋਂ, ਪੰਜਾਬ ਸਟੇਟ ਚੈੱਸ ਐਸੋਸੀਏਸ਼ਨ ਦੇ ਅਧੀਨ, ਸੰਗਰੂਰ ਜ਼ਿਲ੍ਹਾ ਚੈੱਸ ਚੈਂਪੀਅਨਸ਼ਿਪ 2026-27 ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਅਤੇ ਖਿਡਾਰੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਅਤੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੈੱਸ ਖੇਡ ਮਨ ਦੀ ਤੇਜ਼ੀ ਅਤੇ ਫੈਸਲਾ ਲੈਣ ਦੀ ਸਮਰੱਥਾ ਨੂੰ ਮਜ਼ਬੂਤ ਬਣਾਉਂਦੀ ਹੈ। ਇਸ ਚੈਂਪੀਅਨਸ਼ਿਪ ਵਿੱਚ ਅੰਡਰ-7, ਅੰਡਰ-9, ਅੰਡਰ-11, ਅੰਡਰ-13 ਅਤੇ ਐਮੇਚਰ (ਰੇਟਿੰਗ 1700 ਤੋਂ ਘੱਟ) ਵਰਗਾਂ ਵਿੱਚ ਮੁਕਾਬਲੇ ਕਰਵਾਏ ਗਏ। ਨੌਜਵਾਨ ਖਿਡਾਰੀਆਂ ਨੇ ਉੱਚ ਦਰਜੇ ਦੀ ਖੇਡ ਦਿਖਾਈ ਅਤੇ ਦਿਲਚਸਪ ਮੁਕਾਬਲੇ ਹੋਏ। ਇਸ ਸਮਾਗਮ ਦਾ ਸਫਲ ਆਯੋਜਨ ਜ਼ਿਲ੍ਹਾ ਚੈੱਸ ਐਸੋਸੀਏਸ਼ਨ ਦੇ ਪ੍ਰਧਾਨ ਨਵੀਨ ਕੁਮਾਰ, ਸਕੱਤਰ ਸੁਖਵੀਰ ਕੌਰ, ਖਜ਼ਾਨਚੀ ਪਿਊਸ਼ ਕਾਂਸਲ ਅਤੇ ਚੇਅਰਮੈਨ ਦੀਪਿੰਦਰ ਤਿਵਾਨਾ ਦੀ ਅਗਵਾਈ ਹੇਠ ਕੀਤਾ ਗਿਆ। ਮੁਕਾਬਲਿਆਂ ਦੀ ਨਿਰਪੱਖ ਅਤੇ ਸੁਚੱਜੀ ਦੇਖਭਾਲ ਚੀਫ ਅਰਬਿਟਰ ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ। ਇਨਾਮ ਵੰਡ ਸਮਾਰੋਹ ਦੌਰਾਨ ਚੇਅਰਮੈਨ ਦੀਪਿੰਦਰ ਤਿਵਾਨਾ ਅਤੇ ਪ੍ਰਧਾਨ ਨਵੀਨ ਕੁਮਾਰ ਵੱਲੋਂ ਜੇਤੂਆਂ ਨੂੰ ਟ੍ਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਗੁਰੂ ਨਾਨਕ ਕਨਵੈਂਟ ਸਕੂਲ ਭਵਾਨੀਗੜ੍ਹ ਦਾ ਵਿਸ਼ੇਸ਼ ਸਹਿਯੋਗ ਰਿਹਾ, ਜਿਸ ਲਈ ਐਸੋਸੀਏਸ਼ਨ ਵੱਲੋਂ ਧੰਨਵਾਦ ਕੀਤਾ ਗਿਆ।
ਇਸ ਮੌਕੇ ‘ਤੇ ਇਹ ਵੀ ਨਿਸ਼ਚਿਤ ਕੀਤਾ ਗਿਆ ਕਿ ਜੇਤੂ ਖਿਡਾਰੀਆਂ ਵਿੱਚੋਂ ਟਾਪ ਦੋ ਪੁਜੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀਆਂ ਦੀ ਸਟੇਟ ਪੱਧਰ ‘ਤੇ ਭਾਗੀਦਾਰੀ ਲਈ ਐਂਟਰੀ ਫੀਸ ਜ਼ਿਲ੍ਹਾ ਚੈੱਸ ਐਸੋਸੀਏਸ਼ਨ ਸੰਗਰੂਰ ਵੱਲੋਂ ਭਰੀ ਜਾਵੇਗੀ। ਇਸ ਦੇ ਨਾਲ ਹੀ ਬਾਕੀ ਸਾਰੇ ਜੇਤੂ ਖਿਡਾਰੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੱਤੀ ਗਈ। ਐਸੋਸੀਏਸ਼ਨ ਵੱਲੋਂ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਨੌਜਵਾਨਾਂ ਵਿੱਚ ਚੈੱਸ ਪ੍ਰਤੀ ਰੁਚੀ ਵਧਾਉਣ ਅਤੇ ਉਨ੍ਹਾਂ ਦੀ ਬੁੱਧੀਮਾਨੀ ਨੂੰ ਨਿਖਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।






