ਸੋਨੀ ਗੋਇਲ ਹੱਕ ਸੱਚ ਦੀ ਬਾਣੀ

ਸਾਂਝੇ ਹੰਭਲੇ ਨਾਲ ਤਪਾ ਨੂੰ ਸਾਫ ਸੁਥਰਾ ਬਣਾਇਆ ਜਾਵੇ: ਆਯੂਸ਼ ਗੋਇਲ

ਤਪਾ: ਉੱਪ ਮੰਡਲ ਮੈਜਿਸਟਰੇਟ ਤਪਾ ਸ੍ਰੀ ਆਯੂਸ਼ ਗੋਇਲ ਦੀ ਯੋਗ ਅਗਵਾਈ ਵਿੱਚ ਤਪਾ ਸ਼ਹਿਰ ਵਿੱਚ ਸਵੱਛ ਭਾਰਤ ਮਿਸ਼ਨ ਤਹਿਤ ਇੱਕ ਸਫਾਈ ਅਭਿਆਨ ਅਤੇ ਜਾਗਰੂਕਤਾ ਮਾਰਚ ਕੀਤਾ ਗਿਆ।

ਇਸ ਮੁਹਿੰਮ ਦਾ ਮੁੱਖ ਉਦੇਸ਼ ਸ਼ਹਿਰ ਵਾਸੀਆਂ ਨੂੰ ਆਲੇ-ਦੁਆਲੇ ਦੀ ਸਫਾਈ ਪ੍ਰਤੀ ਜਾਗਰੂਕ ਕਰਨਾ ਅਤੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣਾ ਸੀ।

ਇਸ ਮੌਕੇ ਐੱਸ ਡੀ ਐਮ ਤਪਾ ਨੇ ਖੁਦ ਅੱਗੇ ਹੋ ਕੇ ਸਫ਼ਾਈ ਮੁਹਿੰਮ ਵਿਚ ਯੋਗਦਾਨ ਪਾਇਆ।

ਲੋਕਾਂ ਨੂੰ ਜਾਗਰੂਕ ਕਰਨ ਲਈ ਕੱਢਿਆ ਗਿਆ ਇਹ ਵਿਸ਼ਾਲ ਮਾਰਚ ਸ਼ਹਿਰ ਦੇ ਪ੍ਰਮੁੱਖ ਸਥਾਨਾਂ ਤੋਂ ਹੋ ਕੇ ਗੁਜ਼ਰਿਆ।

ਮਾਰਚ ਦੀ ਸ਼ੁਰੂਆਤ ਡਾਕਖਾਨਾ ਤਪਾ ਮੰਡੀ ਤੋਂ ਹੋਈ, ਜਿਸ ਤੋਂ ਬਾਅਦ ਇਹ ਬਾਲਮੀਕ ਚੌਂਕ, ਅੰਦਰਲਾ ਬੱਸ ਅੱਡਾ ਅਤੇ ਸਕੂਲ ਰੋਡ ਤੋਂ ਹੁੰਦਾ ਹੋਇਆ ਅੱਗਰਵਾਲ ਧਰਮਸ਼ਾਲਾ ਵਿਖੇ ਜਾ ਕੇ ਸੰਪੰਨ ਹੋਇਆ।


ਇਸ ਮੁਹਿੰਮ ਦੀ ਖਾਸੀਅਤ ਸਕੂਲੀ ਬੱਚਿਆਂ ਦੀ ਭਾਰੀ ਸ਼ਮੂਲੀਅਤ ਰਹੀ। ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤਪਾ ਅਤੇ ਸਰਕਾਰੀ ਕੰਨਿਆ ਹਾਈ ਸਕੂਲ ਤਪਾ ਦੀ 8ਵੀਂ ਜਮਾਤ ਤੋਂ ਉੱਪਰ ਦੇ ਵਿਦਿਆਰਥੀਆਂ ਨੇ ਇਸ ਵਿੱਚ ਉਤਸ਼ਾਹ ਨਾਲ ਭਾਗ ਲਿਆ।


ਬੱਚਿਆਂ ਨੇ ਹੱਥਾਂ ਵਿੱਚ ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਆਲੇ-ਦੁਆਲੇ ਦੀ ਸਾਫ਼-ਸਫਾਈ ਸਬੰਧੀ ਬੈਨਰ, ਪੋਸਟਰ ਅਤੇ ਤਖ਼ਤੀਆਂ ਫੜੀਆਂ ਹੋਈਆਂ ਸਨ।

ਬੱਚਿਆਂ ਵੱਲੋਂ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਖਾਸ ਤੌਰ ‘ਤੇ ਅਪੀਲ ਕੀਤੀ ਗਈ ਕਿ ਕੂੜਾ ਹਮੇਸ਼ਾ ਕੂੜਾਦਾਨ ਵਿੱਚ ਹੀ ਪਾਇਆ ਜਾਵੇ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਵਿੱਚ ਪ੍ਰਸ਼ਾਸਨ ਦਾ ਸਾਥ ਦਿੱਤਾ ਜਾਵੇ।


ਇਸ ਮੌਕੇ  ਪੁਲਿਸ ਪ੍ਰਸ਼ਾਸਨ ਤਪਾ, ਸੀਨੀਅਰ ਮੈਡੀਕਲ ਅਫਸਰ ਤਪਾ,  ਕਾਰਜ ਸਾਧਕ ਅਫਸਰ ਨਗਰ ਕੌਂਸਲ ਤਪਾ ਉੱਪ ਮੰਡਲ ਮੈਜਿਸਟਰੇਟ ਦਫ਼ਤਰ ਅਤੇ ਤਹਿਸੀਲ ਤਪਾ ਦਾ ਸਮੂਹ ਸਟਾਫ ਵੀ ਹਾਜ਼ਰ ਰਿਹਾ।

Leave a Reply

Your email address will not be published. Required fields are marked *

You missed