ਸੋਨੀ ਗੋਇਲ ਹੱਕ ਸੱਚ ਦੀ ਬਾਣੀ

ਐਨ.ਜੀ.ਟੀ ਨਵੀਂ ਦਿੱਲੀ ਦੀ ਗਠਿਤ ਵਿਸ਼ੇਸ਼ ਜਾਂਚ ਟੀਮ ਨੇ ਬਰਨਾਲਾ ਵਿਖੇ ਕੀਤੀ ਚੈਕਿੰਗ

ਚੈਕਿੰਗ ਦੌਰਾਨ ਟੀਮ ਨੂੰ ਪੁੱਟੇ ਗਏ ਰੁੱਖਾਂ ਦੇ ਮਿਲੇ ਅਹਿਮ ਸਬੂਤ,ਪ੍ਰਤੱਖ ਗਵਾਹ ਝੁੱਗੀਆਂ ਵਾਲਿਆਂ ਦੇ ਟੀਮ ਨੇ ਬਿਆਨ ਦਰਜ ਕੀਤੇ

ਬਰਨਾਲਾ, 01 ਮਈ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀ ਦਿੱਲੀ ਵੱਲੋਂ 25 ਏਕੜ ਸਕੀਮ ਵਾਲੀ ਜਗ੍ਹਾ ਨਜਦੀਕ ਫੁਆਰਾ ਚੌਂਕ ਬਰਨਾਲਾ ਵਿੱਚੋਂ ਹਰੇ ਭਰੇ ਸੈਂਕੜੇ ਰੁੱਖਾਂ ਦੀ ਜਾਂਚ ਕਰਨ ਲਈ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਵੱਲੋਂ ਜੇ.ਪੀ ਮੀਨਾ ਅਧਿਕਾਰੀ ਕੇਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦਿੱਲੀ, ਸ੍ਰੀ ਸਨੀ ਗੋਇਲ ਅਧਿਕਾਰੀ ਵਾਤਾਵਰਣ ਜੰਗਲ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਚੰਡੀਗੜ, ਕੌਸ਼ਿਲ ਕਸੌਰ ਡਵੀਜਨ ਅਫ਼ਸਰ ਸੰਗਰੂਰ ਵਣ ਵਿਭਾਗ ਪੰਜਾਬ ਦੀ ਅਗਵਾਈ ਵਿਚ ਘਟਨਾਂ ਸਥਾਨਾਂ ’ਤੇ ਹਰੇ ਭਰੇ ਰੁੱਖ ਗੈਰ ਕਾਨੂੰਨੀ ਪੱਟਣ ਸਬੰਧੀ ਚੈਕਿੰਗ ਕਰਕੇ ਬਰੀਕੀ ਨਾਲ ਜਾਂਚ ਕੀਤੀ ਗਈ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਜ਼ਿਲੇ ਦੇ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਨੇ 25 ਏਕੜ ਸਕੀਮ ਵਾਲੀ ਜਗ੍ਹਾ ਬਰਨਾਲਾ ਵਿੱਚੋਂ ਨਗਰ ਸੁਧਾਰ ਟਰੱਸਟ ਬਰਨਾਲਾ ਵੱਲੋਂ 140 ਹਰੇ ਭਰੇ ਰੁੱਖ ਗੈਰ ਕਾਨੂੰਨੀ ਪੱਟਣ ਅਤੇ ਪੁੱਡਾ ਮਾਰਕੀਟ ਵਿਚੋਂ 100 ਸਾਲ ਪੁਰਾਣਾ ਨਿੰਮ ਦਾ ਹਰਿਆ ਭਰਿਆ ਰੁੱਖ ਪੁੱਟਣ, ਪਿੰਡ ਧਨੇਰ ਜਨਤਕ ਜਗ੍ਹਾ ਵਿਚੋਂ 40 ਰੁੱਖ, ਪਿੰਡ ਬਖਤਗੜ੍ਹ 20 ਹਰੇ ਭਰੇ ਰੁੱਖ, ਪਿੰਡ ਬਦਰਾ ਦੀਆਂ ਸੜਕਾਂ ਤੋਂ 100 ਹਰੇ ਭਰੇ ਰੁੱਖ ਪੁੱਟਣ ਸਬੰਧੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਵਿਖੇ ਪਟੀਸਨ ਪਾਈ ਸੀ। ਜਿਸ ਸਬੰਧੀ ਕਿ ਐਨ.ਜੀ.ਟੀ ਨਵੀ ਦਿੱਲੀ ਵੱਲੋਂ ਗਠਿਤ ਕੀਤੀ ਗਈ ਟੀਮ ਵੱਲੋਂ 25 ਏਕੜ ਸਕੀਮ ਬਰਨਾਲਾ ਵਾਲੀ ਜਗ੍ਹਾ ਵਿਖੇ ਪਹੁੰਚ ਕੇ ਬਰੀਕੀ ਨਾਲ ਪਟੀਸਨਰ ਗੁਰਪ੍ਰੀਤ ਸਿੰਘ ਕਾਹਨੇਕੇ ਦੀ ਹਾਜ਼ਰੀ ਵਿੱਚ ਜਾਂਚ ਕੀਤੀ। ਟੀਮ ਨੇ ਧਰਤੀ ਵਿਚ ਦੱਬੇ ਹੋਏ ਰੁੱਖਾਂ ਦੇ ਤਣਿਆਂ, ਜੜਾ ਤੇ ਪਟੀਸਨਰ ਵੱਲੋਂ ਪੇਸ਼ ਕੀਤੀਆਂ ਗਈਆਂ ਵੀਡੀਓ, ਫੋਟੋਆਂ ਨੂੰ ਵਾਚਿਆਂ ਅਤੇ ਜਿਹੜੇ ਝੁਗੀਆਂ ਵਾਲਿਆਂ ਨੂੰ ਉਕਤ ਸਥਾਨ ਤੋਂ ਉਠਾਇਆ ਗਿਆ ਸੀ ਉਨਾਂ ਤੋਂ ਬਿਆਨ ਲਏ ਗਏ ਜਿਹਨਾਂ ਨੇ ਟੀਮ ਨੂੰ ਆਪਣੇ ਬਿਆਨਾਂ ਰਾਹੀ ਦੱਸਿਆ ਕਿ ਉਕਤ ਜਗ੍ਹਾ ਵਿੱਚੋਂ ਕਰੀਬ 200 ਹਰੇ ਭਰੇ ਰੁੱਖਾਂ ਨੂੰ ਨਗਰ ਸੁਧਾਰ ਟਰੱਸਟ ਬਰਨਾਲਾ ਵੱਲੋਂ ਗੈਰ ਕਾਨੂੰਨੀ ਪੁਟਿਆ ਗਿਆ ਹੈ। ਟੀਮ ਦੇ ਅਧਿਕਾਰੀਆਂ ਵੱਲੋਂ ਘਟਨਾ ਸਥਾਨ ’ਤੇ ਬਰੀਕੀ ਨਾਲ ਜਾਂਚ ਪੜਤਾਲ ਕਰਨ ’ਤੇ ਟੀਮ ਨੂੰ ਕਰੀਬ 120 ਤੋਂ ਜਿਆਦਾ ਰੁੱਖਾਂ ਦੇ ਗੈਰ ਕਾਨੂੰਨੀ ਪੁੱਟੇ ਜਾਣ ਸੁਬੰਧੀ ਅਹਿਮ ਸਬੂਤ ਮਿਲੇ ਹਨ। ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨੂੰ ਟੀਮ ਦੇ ਅਧਿਕਾਰੀਆਂ ਵੱਲੋਂ ਰੁੱਖਾਂ ਨੂੰ ਪੁੱਟਣ ਸਬੰਧੀ ਮਨਜ਼ੂਰੀ ਦੀ ਕਾਪੀ ਮੰਗੀ ਗਈ ਤਾਂ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨੇ ਕਿਹਾ ਕਿ ਰੁੱਖਾਂ ਨੂੰ ਪੁੱਟਣ ਸਬੰਧੀ ਕੋਈ ਮਨਜ਼ੂਰੀ ਨਹੀਂ ਲਈ ਗਈ ਹੈ। ਟੀਮ ਨੇ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਅਧਿਕਾਰੀਆਂ ਨੂੰ ਮਾਨਯੋਗ ਹਾਈਕੋਰਟ ਦੇ ਦਸੰਬਰ ਮਹੀਨੇ ਰੁੱਖਾਂ ਨੂੰ ਪੰਜਾਬ ਦੀ ਧਰਤੀ ਤੋਂ ਪੁੱਟਣ ‘ਤੇ ਪਾਬੰਦੀ ਸਬੰਧੀ ਕੀਤੇ ਹੁਕਮ ਵੱਲ ਧਿਆਨ ਦਬਾ ਕੇ ਪੁੱਛਿਆ ਗਿਆ ਕਿ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਿਉ ਕੀਤੀ ਗਈ ਹੈ। ਤਾਂ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨੇ ਚੁਪਧਾਰ ਕੇ ਮਾਮਲੇ ਨੂੰ ਦਬਾਉਣ ਲਈ ਬਹੁਤ ਕੋਸ਼ਿਸ਼ ਕੀਤੀ ਗਈ। ਇਕੱਤਰ ਹੋਏ ਇਲਾਕੇ ਦੇ ਵਾਤਾਵਰਨ ਪ੍ਰੇਮੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਟੀਮ ਨੂੰ ਜਿਸ ਤਰਾਂ ਰੁੱਖਾਂ ਨੂੰ ਗੈਰ ਕਾਨੂੰਨੀ ਪੁੱਟਣ ਸਬੰਧੀ ਅਹਿਮ ਸਬੂਤ ਮਿਲੇ ਹਨ ਤੇ ਜੇਕਰ ਟੀਮ ਸਬੂਤਾਂ ਦੇ ਅਧਾਰ ’ਤੇ ਬਿਨਾ ਕਿਸੇ ਦਬਾਅ ਦੇ ਨਿਰਪੱਖ ਜਾਂਚ ਰਿਪੋਰਟ ਐਨ.ਜੀ.ਟੀ ਨਵੀਂ ਦਿੱਲੀ ਵਿਖੇ ਪੇਸ਼ ਕਰੇਗੀ ਤਾਂ ਇਨਸਾਫ ਜ਼ਰੂਰ ਮਿਲੇਗਾ। ਟੀਮ ਦੇ ਅਧਿਕਾਰੀਆਂ ਨੇ ਕਿਹਾ ਕਿ ਟੀਮ ਨੂੰ ਘਟਨਾ ਸਥਾਨ ਤੋਂ ਸੈਕੜੇ ਰੁੱਖ ਗੈਰ ਕਾਨੂੰਨੀ ਪੁੱਟਣ ਸਬੰਧੀ ਅਹਿਮ ਸਬੂਤ ਮਿਲੇ ਹਨ , ਸਬੂਤਾਂ ਦੇ ਅਧਾਰ ’ਤੇ ਪੁੱਟੇ ਗਏ ਰੁੱਖਾਂ ਸਬੰਧੀ ਰਿਪੋਰਟ ਮਾਨਯੋਗ ਐਨ.ਜੀ.ਟੀ ਨਵੀ ਦਿੱਲੀ ਵਿਖੇ ਪੇਸ ਕੀਤੀ ਜਾਵੇਗੀ। ਇਸ ਮੌਕੇ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ, ਬੂਟਾ ਸਿੰਘ ਜਵੰਧਾ ਪਿੰਡੀ, ਅਕਾਸ਼ਦੀਪ ਸਿੰਘ ਭਦੋੜ, ਮਲਕੀਤ ਸਿੰਘ ਬਰਨਾਲਾ ਸੇਵਾ ਮੁਕਤ ਇੰਸਪੈਕਟਰ, ਅਵਤਾਰ ਸਿੰਘ ਚੀਮਾ, ਕੁਲਦੀਪ ਸਿੰਘ ਰਾਜੂ ਧੌਲਾ, ਮਨਜਿੰਦਰ ਸਿੰਘ ਧੂਰਕੋਟ, ਅਮਰੀਕ ਸਿੰਘ ਭੈਣੀ ਜੱਸਾ, ਡਾ: ਬਸੰਤ ਸਿੰਘ ਫਤਿਹਗੜ ਛੰਨਾਂ, ਬਲਵੀਰ ਸਿੰਘ ਧਾਲੀਵਾਲ ਚੀਮਾ ਤੋਂ ਇਲਾਵਾ ਵੱਡੀ ਗਿਣਤੀ ਪ੍ਰਸਾਸਨਿਕ ਅਧਿਕਾਰੀ ਤੇ ਜ਼ਿਲੇ ਦੇ ਵਾਤਾਵਰਨ ਪ੍ਰੇਮੀ ਹਾਜ਼ਰ ਸਨ।

Leave a Reply

Your email address will not be published. Required fields are marked *

You missed