ਬਰਨਾਲਾ 21 ਮਈ (ਮਨਿੰਦਰ ਸਿੰਘ)

ਬੀ.ਕੇ.ਯੂ. ਉਗਰਾਹਾਂ ਵੱਲੋਂ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਧਰਨਾ; ਕਿਹਾ ਕਿਸੇ ਵੀ ਹਾਲਤ ਵਿੱਚ ਨਹੀਂ ਹੋਣ ਦਿਆਂਗੇ ਘਰਾਂ ਅਤੇ ਜਮੀਨਾਂ ਦੀਆਂ ਕੁਰਕੀਆਂ

ਪਿੰਡ ਸੰਘੇੜਾ ਵਿਖੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਬਲਾਕ ਮਹਿਲ ਕਲਾਂ ਵੱਲੋਂ ਮੀਤ ਪ੍ਰਧਾਨ ਰਾਮ ਸਿੰਘ ਸੰਘੇੜਾ ਦੀ ਅਗਵਾਈ ਹੇਠ ਘਰ ਦੀ ਕੁਰਕੀ ਰੋਕਣ ਲਈ ਧਰਨਾ ਦਿੱਤਾ ਗਿਆ।

ਇਹ ਧਰਨਾ ਵਸਤੁ ਹਾਊਸਿੰਗ ਫਾਇਨੈਂਸ ਕੰਪਨੀ ਵੱਲੋਂ ਪੀੜਤ ਸੋਨੂ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਵਾਲਾ ਪੱਤੀ ਸੰਘੇੜਾ ਦੇ ਘਰ ਦੀ ਕੁਰਕੀ ਦੇ ਜਾਰੀ ਕੀਤੇ ਗਏ ਵਰੰਟ ਦੇ ਵਿਰੋਧ ‘ਚ ਦਿੱਤਾ ਗਿਆ ਕਿਸਾਨ ਆਗੂਆਂ ਨੇ ਘਰ ਅੱਗੇ ਧਰਨਾ ਲਾ ਕੇ ਜੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਕਿਸਾਨਾਂ-ਮਜ਼ਦੂਰਾਂ ਦੀ ਜਾਇਦਾਦ ਕਿਸੇ ਵੀ ਹਾਲਤ ‘ਚ ਕੁਰਕ ਨਹੀਂ ਹੋਣ ਦਿੰਦੇ।

ਵਿਰੋਧ ਦੇ ਚਲਦੇ ਕੋਈ ਵੀ ਅਧਿਕਾਰੀ ਕੁਰਕੀ ਕਰਨ ਨਹੀਂ ਆਇਆ।

ਇਸ ਮੌਕੇ ਜਥੇਬੰਦੀ ਦੇ ਜਿਲ੍ਹਾ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਬਲਾਕ ਪ੍ਰਧਾਨ ਜੱਜ ਸਿੰਘ ਗਹਿਲ, ਜਰਨਲ ਸਕੱਤਰ ਕੁਲਜੀਤ ਸਿੰਘ ਵਜੀਦਕੇ, ਖਜਾਨਚੀ ਨਾਹਰ ਸਿੰਘ ਗੁਮਟੀ, ਅਤੇ ਬਲਾਕ ਆਗੂ ਕੁਲਦੀਪ ਸਿੰਘ ਚੌਹਾਨਕੇ ਨੇ ਸਰਕਾਰ ਤੇ ਫਾਇਨੈਂਸ ਕੰਪਨੀਆਂ ਨੂੰ ਆੜੇ ਹੱਥ ਲਿਆ।

ਉਹਨਾਂ ਕਿਹਾ ਕਿ ਸਰਕਾਰ ਇਕ ਪਾਸੇ ਕਿਸਾਨੀ ਵਾਸਤੇ ਵਾਅਦੇ ਕਰਦੀ ਹੈ ਪਰ ਦੂਜੇ ਪਾਸੇ ਕਿਸਾਨਾਂ-ਮਜ਼ਦੂਰਾਂ ਦੇ ਘਰ ਕੁਰਕਵਾਉਣ ‘ਚ ਜੁਟੀ ਹੋਈ ਹੈ।

ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜਥੇਬੰਦੀ ਕਿਸੇ ਵੀ ਹਾਲਤ ‘ਚ ਕਿਸਾਨ ਦੀ ਜਾਇਦਾਦ ਕੁਰਕ ਨਹੀਂ ਹੋਣ ਦੇਵੇਗੀ, ਭਾਵੇਂ ਇਸ ਲਈ ਕਿੰਨੀ ਵੀ ਵੱਡੀ ਕੁਰਬਾਨੀ ਕਿਉਂ ਨਾ ਦੇਣੀ ਪਏ।

ਇਸ ਮੌਕੇ ਪੀੜਤ ਸੋਨੂ ਸਿੰਘ ਅਤੇ ਉਸ ਦੀ ਪਤਨੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ 28 ਨਵੰਬਰ 2022 ਨੂੰ ਉਨ੍ਹਾਂ ਨੇ ਵਸਤੁ ਹਾਊਸਿੰਗ ਫਾਇਨੈਂਸ ਬਠਿੰਡਾ ਤੋਂ 10 ਲੱਖ ਰੁਪਏ ਦਾ ਲੋਨ ਲਿਆ ਸੀ।

ਇਹ ਰਕਮ ਲੁਧਿਆਣਾ ਵਿਖੇ ਇੱਟਾਂ ਦਾ ਕੰਮ ਚਲਾਉਣ ਲਈ ਲੀਤੀ ਗਈ ਸੀ।

ਉਹ 14 ਮਾਸਿਕ ਕਿਸਤਾਂ (16,320 ਰੁਪਏ ਪ੍ਰਤੀ ਮਹੀਨਾ) ਬਾਕਾਇਦਾ ਭਰ ਚੁੱਕੇ ਹਨ।

ਪਰ ਇੱਟਾਂ ਦਾ ਕੰਮ ਲਗਵਾਉਣ ਵਾਲਾ ਠੇਕੇਦਾਰ ਉਨ੍ਹਾਂ ਦੇ ਪੈਸੇ ਲੈ ਕੇ ਫਰਾਰ ਹੋ ਗਿਆ, ਜਿਸ ਕਾਰਨ ਬਾਕੀ ਦੀਆਂ ਕਿਸਤਾਂ ਨਹੀਂ ਭਰ ਸਕੇ।

ਉਨ੍ਹਾਂ ਕੋਲ ਬਾਲਾ ਪੱਤੀ ਵਿਖੇ 6 ਵਿਸਵੇ ਜ਼ਮੀਨ ਅਤੇ ਇਕ ਘਰ ਤੋਂ ਇਲਾਵਾ ਹੋਰ ਕੋਈ ਆਮਦਨ ਦਾ ਸਰੋਤ ਨਹੀਂ।

ਇਸੀ ਕਰਕੇ ਫਾਇਨੈਂਸ ਕੰਪਨੀ ਵੱਲੋਂ ਘਰ ਦੀ ਕੁਰਕੀ ਦੀ ਕਾਰਵਾਈ ਸ਼ੁਰੂ ਕੀਤੀ ਗਈ।ਵਸਤੁ ਹਾਊਸਿੰਗ ਫਾਇਨੈਂਸ ਲਿਮਿਟਡ ਦੇ ਲੋਕੇਸ਼ਨ ਅਫਸਰ ਹਰਦੀਪ ਸਿੰਘ ਨੇ ਦੱਸਿਆ ਕਿ ਪੀੜਤ ਵੱਲੋਂ ਸਤੰਬਰ 2024 ਤੋਂ ਲੋਨ ਦੀਆਂ ਕਿਸਤਾਂ ਨਾ ਭਰਨ ਕਾਰਨ ਨੋਟਿਸ ਜਾਰੀ ਕੀਤੇ ਗਏ ਸਨ।

ਉਨ੍ਹਾਂ ਕਿਹਾ ਕਿ ਜੇਕਰ ਪਰਿਵਾਰ ਹੁਣ ਵੀ ਕਿਸਤਾਂ ਭਰਨ ਲਈ ਤਿਆਰ ਹੋਵੇ, ਤਾਂ ਕੰਪਨੀ ਕਿਸਤਾਂ ਮੁੜ ਲੈਣ ਲਈ ਤਿਆਰ ਹੈ।

ਜਥੇਬੰਦੀ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਸੋਨੂ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਲਾਇਆ ਜਾਵੇ ਤੇ ਉਨ੍ਹਾਂ ਦੀ ਆਰਥਿਕ ਸਹਾਇਤਾ ਕੀਤੀ ਜਾਵੇ, ਤਾਂ ਜੋ ਉਨ੍ਹਾਂ ਦੀ ਰਿਹਾਇਸ਼ ਅਤੇ ਜੀਵਨ ਬਰਕਰਾਰ ਰਹਿ ਸਕੇ।

ਕੈਪਸ਼ਨ ਵਾਲਾ ਪੱਤੀ ਸੰਘੇੜਾ ਵਿਖੇ ਘਰ ਦੀ ਕੁਰਕੀ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪੀੜਤ ਪਰਿਵਾਰ ਦੇ ਘਰ ਅੱਗੇ ਦਿੱਤਾ ਗਿਆ ਧਰਨਾ।

Posted By SonyGoyal

Leave a Reply

Your email address will not be published. Required fields are marked *