ਸੋਨੀ ਗੋਇਲ ਬਰਨਾਲਾ
ਉੱਘੀ ਪੰਜਾਬੀ ਅਦਾਕਾਰਾ ਰੁਪਿੰਦਰ ਰੂਪੀ ਅਤੇ ਕਾਮੇਡੀਅਨ ਗੁਰਦੀਪ ਮਨਾਲੀਆ ਨੇ ਵੀ ਸਵੈ ਗਣਨਾ ਲਈ ਪ੍ਰੇਰਿਆ*
30 ਨਵੰਬਰ ਤੱਕ se.census.gov.in ਪੋਰਟਲ ਉੱਤੇ ਕੀਤੀ ਜਾ ਸਕਦੀ ਹੈ ਸਵੈ ਗਣਨਾ*
ਬਰਨਾਲਾ, 22 ਨਵੰਬਰ ਜਨਗਨਣਾ 2027 ਦੇ ਦੂਜੇ ਪੜਾਅ ਆਬਾਦੀ ਦੀ ਗਿਣਤੀ ਤਹਿਤ ਸਵੈ ਗਣਨਾ ਦੀ ਪ੍ਰਕਿਰਿਆ ਜਾਰੀ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਂਸਜ਼ ਅਫ਼ਸਰ, ਬਰਨਾਲਾ ਸ਼੍ਰੀ ਅਭਿਜੀਤ ਕਪਲਿਸ਼ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਵੈ ਗਣਨਾ ਦੀ ਪ੍ਰਕਿਰਿਆ ਮੁਕੰਮਲ ਕਰਨ ਲਈ ਅੱਗੇ ਆਉਣ ਅਤੇ ਇਸ ਰਾਸ਼ਟਰੀ ਕਾਰਜ ਵਿਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਜ਼ਿਲ੍ਹਾ ਬਰਨਾਲਾ ਨਾਲ ਸਬੰਧਤ ਉੱਘੇ ਪੰਜਾਬੀ ਅਦਾਕਾਰਾ ਰੁਪਿੰਦਰ ਕੌਰ ਰੂਪੀ ਨੇ ਵੀ ਜ਼ਿਲ੍ਹੇ ਦੇ ਵਾਸੀਆਂ ਨੂੰ ਸਵੈ ਗਣਨਾ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਸਹੀ ਅਤੇ ਮੁਕੰਮਲ ਅੰਕੜੇ ਦੇਸ਼ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਲੋਕ ਭਲਾਈ ਯੋਜਨਾਵਾਂ ਦੀ ਰੂਪ-ਰੇਖਾ ਤਿਆਰ ਕਰਨ ਦਾ ਮੁੱਖ ਆਧਾਰ ਹੁੰਦੇ ਹਨ ਅਤੇ ਇਹ ਰਾਸ਼ਟਰੀ ਗਤੀਵਿਧੀ ਬੜੀ ਅਹਿਮ ਹੈ। ਇਸ ਵਿਚ ਹਰ ਨਾਗਰਿਕ ਪੂਰਾ ਸਹਿਯੋਗ ਦੇਵੇ।
ਇਸ ਮੌਕੇ ਜ਼ਿਲ੍ਹੇ ਨਾਲ ਸਬੰਧਤ ਉੱਘੇ ਕਾਮੇਡੀਅਨ ਗੁਰਦੀਪ ਮਨਾਲੀਆ ਅਤੇ ਜ਼ਿਲ੍ਹੇ ਦੇ ਹੋਰ ਕਲਾਕਾਰਾਂ ਨੇ ਵੀ ਆਪਣੇ ਅੰਦਾਜ਼ ਵਿਚ ਜ਼ਿਲ੍ਹੇ ਦੇ ਵਾਸੀਆਂ ਨੂੰ ਆਪਣੀ ਗਣਨਾ ਖ਼ੁਦ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਨਗਣਨਾ-2027 ਨੂੰ ਡਿਜੀਟਲ ਅਤੇ ਬੇਹੱਦ ਆਸਾਨ ਬਣਾਉਣ ਲਈ ਸਰਕਾਰ ਵੱਲੋਂ ਸਵੈ-ਗਣਨਾ ਦੀ ਸਹੂਲਤ ਦਿੱਤੀ ਜਾ ਰਹੀ ਹੈ। ਹੁਣ ਕੋਈ ਵੀ ਆਮ ਨਾਗਰਿਕ ਬਿਨਾਂ ਕਿਸੇ ਪਰੇਸ਼ਾਨੀ ਦੇ ਘਰ ਬੈਠੇ ਆਨ ਲਾਈਨ ਮਾਧਿਅਮ ਰਾਹੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਨਗਣਨਾ ਖੁਦ ਕਰ ਸਕਦਾ ਹੈ। ਇਹ ਸਹੂਲਤ 30 ਨਵੰਬਰ 2026 ਤਕ ਅਧਿਕਾਰਤ ਪੋਰਟਲ se.census.gov.in ’ਤੇ ਦਿੱਤੀ ਗਈ ਹੈ। ਸ਼੍ਰੀ ਅਭਿਜੀਤ ਕਪਲਿਸ਼ ਨੇ ਇਹ ਵੀ ਦੱਸਿਆ ਕਿ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਗਿਣਤੀਕਾਰ ਘਰ-ਘਰ ਜਾ ਕੇ ਜਨਗਣਨਾ ਕਰਨਗੇ ਤੇ 5 ਜਨਵਰੀ 2027 ਤੋਂ 9 ਜਨਵਰੀ 2027 ਤੱਕ ਪੁਨਰ ਨਿਰੀਖਣ ਕੀਤਾ ਜਾਵੇਗਾ। ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਜਨਗਣਨਾ ਦੇ ਦੂਜੇ ਪੜਾਅ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।







