ਸੋਨੀ ਗੋਇਲ ਬਰਨਾਲਾ
30 ਨਵੰਬਰ ਤੱਕ ਪੋਰਟਲ se.census.gov.in ‘ਤੇ ਕੀਤੀ ਜਾ ਸਕਦੀ ਹੈ ਸਵੈ ਗਣਨਾ*

ਬਰਨਾਲਾ, 21 ਨਵੰਬਰ ਡਾਇਰੈਕਟੋਰੇਟ ਆਫ ਸੈਂਸਸ ਆਪਰੇਸ਼ਨਜ਼ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੂਬੇ ਵਿੱਚ ਚੱਲ ਰਹੇ ਜਨਗਣਨਾ ਦੇ ਦੂਜੇ ਗੇੜ ਦੌਰਾਨ ਆਮ ਲੋਕਾਂ ਨੂੰ ਵੱਧ ਤੋਂ ਵੱਧ ‘ਸਵੈ-ਜਨਗਣਨਾ’ (Self-Enumeration) ਕਰਨ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਪ੍ਰਮੁੱਖ ਜਨਗਣਨਾ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਅਭਿਜੀਤ ਕਪਲਿਸ਼ ਦੀ ਅਗਵਾਈ ਹੇਠ ਜਾਗਰੂਕਤਾ ਗਤੀਵਿਧੀਆਂ ਜਾਰੀ ਹਨ। ਇਸ ਤਹਿਤ ਅੱਜ ਈਟ-ਔਨ ਪਲਾਜ਼ਾ ਹੰਡਿਆਇਆ ਵਿਚ ਇੱਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਜ਼ੀਰਕਪੁਰ ਤੋਂ ਪੁੱਜੀ ਟੀਮ ਵਲੋਂ ਵਿਸ਼ੇਸ਼ ਕੈਨੋਪੀ ਲਗਾ ਕੇ ਲੋਕਾਂ ਨੂੰ ਸਵੈ-ਜਨਗਣਨਾ ਦੀ ਪ੍ਰਕਿਰਿਆ ਅਤੇ ਇਸ ਦੇ ਲਾਭਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਆਮ ਲੋਕਾਂ ਨੂੰ ਜਾਗਰੂਕਤਾ ਪੋਸਟਰ ਵੰਡੇ ਗਏ ਅਤੇ ਆਊਟਲੈਟਸ ਦੇ ਵੱਖ-ਵੱਖ ਹਿੱਸਿਆਂ ਵਿੱਚ ਬੈਨਰ ਤੇ ਸਟੈਂਡੀਜ਼ ਲਗਾ ਕੇ ਲੋਕਾਂ ਨੂੰ ਖ਼ੁਦ ਆਪਣੀ ਜਾਣਕਾਰੀ ਦਰਜ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਕਿਹਾ ਕਿ ਇਸ ਜਾਗਰੂਕਤਾ ਪ੍ਰੋਗਰਾਮ ਦਾ ਮਕਸਦ ਆਮ ਲੋਕਾਂ ਨੂੰ ਸਵੈ ਗਣਨਾ ਬਾਰੇ ਜਾਗਰੂਕ ਕਰਨਾ ਸੀ। ਉਹਨਾਂ ਕਿਹਾ ਕਿ ਇਸ ਸਥਾਨ ਉੱਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕਾਂ ਦੀ ਆਵਾਜਾਈ ਰਹਿੰਦੀ ਹੈ, ਜਿਸ ਕਰਕੇ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਵੱਡੀ ਗਿਣਤੀ ਵਿੱਚ ਨਾਗਰਿਕਾਂ ਨੇ ਸਵੈ-ਜਨਗਣਨਾ ਸਬੰਧੀ ਜਾਣਕਾਰੀ ਹਾਸਲ ਕੀਤੀ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਨਗਣਨਾ ਦੇ ਇਸ ਮਹੱਤਵਪੂਰਨ ਕਾਰਜ ਵਿੱਚ ਆਪਣਾ ਪੂਰਨ ਸਹਿਯੋਗ ਦੇਣ ਅਤੇ ਸਵੈ-ਜਨਗਣਨਾ ਪੋਰਟਲ se.census.gov.in ਰਾਹੀਂ ਆਪਣੀ ਜਾਣਕਾਰੀ ਸਹੀ ‘ਤੇ ਸਮੇਂ ਸਿਰ ਦਰਜ ਕਰਨ। ਇਸ ਜਾਗਰੂਕਤਾ ਪ੍ਰੋਗਰਾਮ ਮੌਕੇ ਨਗਰ ਨਿਗਮ ਬਰਨਾਲਾ ਦੇ ਚਾਰਜ ਅਫ਼ਸਰ ਸ੍ਰੀ ਗੋਬਿੰਦ ਪਾਲ, ਜ਼ਿਲ੍ਹਾ ਜਨਗਣਨਾ ਟੀਮ ਤੋਂ ਸ੍ਰੀ ਰਵਿੰਦਰ ਸ਼ਰਮਾ, ਇਨ-ਆਊਟ ਟੀਮ ਵੱਲੋਂ ਸ੍ਰੀ ਸਾਰਥਕ ਅਤੇ ਸ੍ਰੀ ਹਰਸ਼ ਰਾਣਾ ਅਤੇ ਜ਼ਿਲ੍ਹਾ ਪਬਲੀਸਿਟੀ ਸੈੱਲ ਤੋਂ ਸ੍ਰੀ ਲਖਵੀਰ ਸਿੰਘ, ਅਨਮੋਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।





