ਮਨਿੰਦਰ ਸਿੰਘ ਹੱਕ ਸੱਚ ਦੀ ਬਾਣੀ

ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਡਿਪਟੀ ਕਮਿਸ਼ਨਰ ਵੱਲੋਂ ਪੈਲਟ ਯੂਨਿਟ ਅਤੇ ਬੇਲਰ ਮਾਲਕਾਂ ਨਾਲ ਅਹਿਮ ਮੀਟਿੰਗ*

*ਬਰਨਾਲਾ ਜ਼ਿਲ੍ਹੇ ਵਿੱਚ 9 ਪੈਲਟ ਯੂਨਿਟ ਤੇ 16 ਪਰਾਲੀ ਡੰਪ ਸਥਾਪਿਤ, ਬੇਲਰ ਮਾਲਕਾਂ ਨੂੰ ਜ਼ਿਲ੍ਹੇ ਅੰਦਰ ਹੀ ਪਰਾਲੀ ਇਕੱਠੀ ਕਰਨ ਦੀ ਅਪੀਲ*

ਬਰਨਾਲਾ, 01 ਸਤੰਬਰ
            ਜ਼ਿਲ੍ਹੇ ਵਿੱਚ ਝੋਨੇ ਦੀ ਕਟਾਈ ਦੌਰਾਨ ਪਰਾਲੀ ਦੇ ਸੁਚੱਜੇ, ਵਿਗਿਆਨਕ ਅਤੇ ਵਾਤਾਵਰਨ ਪੱਖੀ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
   ਇਸ ਤਹਿਤ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪੈਲਟ ਯੂਨਿਟ ਮਾਲਕਾਂ ਅਤੇ ਪਰਾਲੀ ਦੀ ਬੇਲਿੰਗ, ਡੰਪਿੰਗ/ਸਟੋਰੇਜ ਨਾਲ ਜੁੜੇ ਬੇਲਰ ਮਾਲਕਾਂ ਤੇ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ ਕੀਤੀ ਗਈ।
  ਮੀਟਿੰਗ ਦੌਰਾਨ ਦੱਸਿਆ ਗਿਆ ਕਿ ਪਿਛਲੇ ਸਮੇਂ ਦੌਰਾਨ ਬਰਨਾਲਾ ਜ਼ਿਲ੍ਹੇ ਵਿੱਚ ਪਰਾਲੀ ਦੀ ਖਰੀਦ ਅਤੇ ਖਪਤ ਕਰਨ ਵਾਲੀ ਇੰਡਸਟਰੀ ਦੀ ਘਾਟ ਸੀ, ਪਰ ਹੁਣ ਜ਼ਿਲ੍ਹੇ ਵਿੱਚ 9 ਪੈਲਟ ਯੂਨਿਟ ਸਥਾਪਿਤ ਹੋ ਚੁੱਕੇ ਹਨ ਅਤੇ ਕਰੀਬ 16 ਪਰਾਲੀ ਡੰਪ/ਸਟੋਰੇਜ ਸਥਾਨ ਲਗਾਏ ਜਾ ਰਹੇ ਹਨ। ਇਨ੍ਹਾਂ ਯੂਨਿਟਾਂ ਦੇ ਚਾਲੂ ਹੋਣ ਨਾਲ ਜ਼ਿਲ੍ਹੇ ਵਿੱਚ ਹੀ ਪਰਾਲੀ ਦੀ ਮੰਗ ਅਤੇ ਖਪਤ ਵਿੱਚ ਵੱਡਾ ਵਾਧਾ ਹੋਣ ਦੀ ਸੰਭਾਵਨਾ ਹੈ ਅਤੇ ਕਿਸਾਨਾਂ ਲਈ ਪਰਾਲੀ ਨੂੰ ਖੇਤਾਂ ਵਿੱਚ ਸਾੜਨ ਦੀ ਬਜਾਏ ਇਸਦੇ ਯੋਗ ਪ੍ਰਬੰਧਨ ਦਾ ਇੱਕ ਹੋਰ ਮਜ਼ਬੂਤ ਵਿਕਲਪ ਉਪਲਬਧ ਹੋਵੇਗਾ।
ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੇਲਰ ਮਾਲਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਪਰਾਲੀ ਇਕੱਠੀ ਕਰਨ ਲਈ ਹੋਰਨਾਂ ਜ਼ਿਲ੍ਹਿਆਂ ਵੱਲ ਜਾਣ ਦੀ ਬਜਾਏ ਬਰਨਾਲਾ ਜ਼ਿਲ੍ਹੇ ਵਿੱਚ ਹੀ ਵੱਧ ਤੋਂ ਵੱਧ ਕੰਮ ਕਰਨ। ਇਸ ਨਾਲ ਸਥਾਨਕ ਪੈਲਟ ਯੂਨਿਟਾਂ ਅਤੇ ਡੰਪਾਂ ਦੀ ਪਰਾਲੀ ਸਬੰਧੀ ਮੰਗ ਪੂਰੀ ਕਰਨ ਦੇ ਨਾਲ-ਨਾਲ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਸਮੇਂ ਸਿਰ ਸਹੂਲਤ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ।
ਮੀਟਿੰਗ ਵਿੱਚ ਪੈਲਟ ਯੂਨਿਟ ਮਾਲਕਾਂ ਅਤੇ ਬੇਲਰ ਮਾਲਕਾਂ ਨਾਲ ਪਰਾਲੀ ਦੀ ਕੁੱਲ ਮੰਗ, ਉਪਲਬਧਤਾ, ਬੇਲਿੰਗ ਸਮਰੱਥਾ, ਡੰਪਿੰਗ/ਸਟੋਰੇਜ ਸਮਰੱਥਾ ਅਤੇ ਆਪਸੀ ਕਰਾਰਾਂ/ਐਗਰੀਮੈਂਟਾਂ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਸ਼ਾਸਨ ਵੱਲੋਂ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਪਰਾਲੀ ਦੀ ਉਪਲਬਧਤਾ ਅਤੇ ਮੰਗ ਵਿਚਕਾਰ ਬਿਹਤਰ ਤਾਲਮੇਲ ਕਾਇਮ ਕੀਤਾ ਜਾਵੇ ਤਾਂ ਜੋ ਝੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਪਰਾਲੀ ਪ੍ਰਬੰਧਨ ਵਿੱਚ ਕਿਸੇ ਕਿਸਮ ਦੀ ਰੁਕਾਵਟ ਨਾ ਆਵੇ।
ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਵਾਰ ਨਿਗਰਾਨੀ ਪ੍ਰਬੰਧ ਹੋਰ ਮਜ਼ਬੂਤ ਕੀਤੇ ਗਏ ਹਨ। ਸੈਟੇਲਾਈਟ ਰਾਹੀਂ ਖੇਤਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾਵੇਗੀ, ਜਦਕਿ ਵੱਧ ਅੱਗ ਲੱਗਣ ਵਾਲੇ ਹੌਟਸਪਾਟ ਪਿੰਡਾਂ ਵਿੱਚ ਡਰੋਨ ਰਾਹੀਂ ਵੀ ਤਿੱਖੀ ਨਜ਼ਰ ਰੱਖੀ ਜਾਵੇਗੀ। ਇਸ ਦੇ ਨਾਲ ਹੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਜ਼ਮੀਨੀ ਪੱਧਰ ’ਤੇ ਵੀ ਨਿਗਰਾਨੀ ਅਤੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਣਗੀਆਂ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੂਹ ਪੈਲਟ ਯੂਨਿਟ ਮਾਲਕਾਂ, ਬੇਲਰ ਮਾਲਕਾਂ, ਕਿਸਾਨਾਂ ਅਤੇ ਹੋਰ ਸਬੰਧਤ ਧਿਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦਾ ਸੁਚੱਜਾ ਪ੍ਰਬੰਧਨ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਨ। ਪਰਾਲੀ ਦੀ ਬੇਲਿੰਗ, ਡੰਪਿੰਗ, ਸਟੋਰੇਜ ਅਤੇ ਪੈਲਟ ਯੂਨਿਟਾਂ ਤੱਕ ਸਪਲਾਈ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਸਾਰੀਆਂ ਧਿਰਾਂ ਆਪਸੀ ਤਾਲਮੇਲ ਨਾਲ ਕੰਮ ਕਰਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣਾ ਸਿਰਫ਼ ਸਰਕਾਰੀ ਵਿਭਾਗਾਂ ਦੀ ਜ਼ਿੰਮੇਵਾਰੀ ਨਹੀਂ, ਸਗੋਂ ਕਿਸਾਨਾਂ, ਉਦਯੋਗਾਂ, ਬੇਲਰ ਮਾਲਕਾਂ ਅਤੇ ਸਮੂਹ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਸਾਰਿਆਂ ਦੇ ਸਹਿਯੋਗ ਨਾਲ ਬਰਨਾਲਾ ਜ਼ਿਲ੍ਹੇ ਨੂੰ ਪਰਾਲੀ ਪ੍ਰਬੰਧਨ ਦੇ ਖੇਤਰ ਵਿੱਚ ਇੱਕ ਮਿਸਾਲੀ ਜ਼ਿਲ੍ਹਾ ਬਣਾਉਣ ਲਈ ਯਤਨ ਕੀਤੇ ਜਾਣਗੇ।
   ਮੀਟਿੰਗ ਵਿੱਚ ਸ਼੍ਰੀ ਵਿਵੇਕ ਮੋਦੀ  ਏ.ਡੀ.ਸੀ. (ਜਨਰਲ), ਬਰਨਾਲਾ, ਡਾ. ਸੁਖਪਾਲ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਬਰਨਾਲਾ, ਬੇਅੰਤ ਸਿੰਘ, ਟੈਕਨੀਕਲ ਗ੍ਰੇਡ-1 ਅਤੇ ਭੁਪਿੰਦਰ ਸਿੰਘ, ਸੁਨੀਤਾ ਸ਼ਰਮਾ, ਸਹਾਇਕ ਨੋਡਲ ਅਫ਼ਸਰ (ਪਰਾਲੀ), ਰਾਜੇਸ਼ ਕੁਮਾਰ ਪੰਜਾਬ ਪ੍ਹਦੂਸ਼ਣ ਕੰਟਰੋਲ ਬੋਰਡ ਤੋਂ ਇਲਾਵਾ ਜ਼ਿਲ੍ਹੇ ਦੇ ਸਮੂਹ ਪੈਲਟ ਯੂਨਿਟ ਮਾਲਕਾਂ ਅਤੇ ਪਰਾਲੀ ਦਾ ਡੰਪ/ਸਟੋਰ ਕਰਨ ਵਾਲੇ ਬੇਲਰ ਮਾਲਕਾਂ ਤੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।

One thought on “ਪਰਾਲੀ ਸਾੜਨ ਦੀਆਂ ਘਟਨਾਵਾਂ ’ਤੇ ਹੌਟਸਪਾਟ ਪਿੰਡਾਂ ਵਿੱਚ ਰਹੇਗੀ ਤਿੱਖੀ ਨਜ਼ਰ*     ”

Leave a Reply

Your email address will not be published. Required fields are marked *