ਬਰਨਾਲਾ ,20 ਮਈ (ਮਨਿੰਦਰ ਸਿੰਘ)

ਪਲਾਸਟਿਕ ਪ੍ਰਦੂਸ਼ਣ ਦੇ ਥੀਮ ‘ਤੇ ਕਰਵਾਏ ਪੇਂਟਿੰਗ ਅਤੇ ਭਾਸ਼ਣ ਮੁਕਾਬਲੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਖੇਤਰੀ ਦਫਤਰ ਬਰਨਾਲਾ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਦੇ ਸਹਿਯੋਗ ਨਾਲ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਵਿਖੇ ਵਿਦਿਆਰਥੀਆਂ ਨੂੰ ਵਾਤਾਵਰਣ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਖੇਤਰੀ ਦਫਤਰ ਬਰਨਾਲਾ ਦੇ ਵਾਤਾਵਰਨ ਇੰਜੀਨੀਅਰ ਸ੍ਰੀ ਵਿੱਕੀ ਬਾਂਸਲ ਨੇ ਦੱਸਿਆ ਕਿ ਬੋਰਡ ਵੱਲੋਂ ਹਰ ਸਾਲ ਸਕੂਲ, ਕਾਲਜ, ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਮਿਲ ਕੇ ਵੱਖ-ਵੱਖ ਜਾਗਰੂਕਤਾ ਸਮਾਗਮ ਕਰਵਾਏ ਜਾਂਦੇ ਹਨ।

ਉਹਨਾਂ ਦੱਸਿਆ ਕਿ ਇਸ ਸਾਲ ਯੂਨਾਈਟਡ ਨੇਸ਼ਨ ਫਾਰ ਇਨਵਾਇਰਮੈਂਟ ਪ੍ਰੋਗਰਾਮ ਵੱਲੋਂ ਸਾਲ 2025 ਦੇ ਵਿਸ਼ਵ ਵਾਤਾਵਰਨ ਦਿਵਸ ਦਾ ਥੀਮ “ਬੀਟ ਪਲਾਸਟਿਕ ਪ੍ਰਦੂਸ਼ਣ” ਰੱਖਿਆ ਗਿਆ ਹੈ, ਜਿਸ ਤਹਿਤ ਇਹ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਬਰਨਾਲਾ ਜ਼ਿਲ੍ਹੇ ਦੇ ਲਗਭਗ 40 ਸਕੂਲਾਂ ਦੇ ਵਿਦਿਆਰਥੀਆਂ ਨੇ ਪੇਂਟਿੰਗ ਅਤੇ ਭਾਸ਼ਣ ਪ੍ਰਤੀਯੋਗਤਾ ਵਿੱਚ ਭਾਗ ਲਿਆ।

ਸਮਾਗਮ ‘ਚ ਆਪਣੇ ਸੰਬੋਧਨ ਦੌਰਾਨ ਸ੍ਰੀ ਵਿੱਕੀ ਬਾਂਸਲ ਨੇ ਵਿਸ਼ਵ ਵਾਤਾਵਰਨ ਦਿਵਸ ਦੇ ਇਤਿਹਾਸ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ ਅਤੇ ਦੱਸਿਆ ਕਿ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਪਲਾਸਟਿਕ ਦੀ ਵਰਤੋਂ ਵੱਧ ਰਹੀ ਹੈ ਜਿਸ ਕਾਰਨ ਪਲਾਸਟਿਕ ਪ੍ਰਦੂਸ਼ਣ ਆਉਣ ਵਾਲੇ ਸਮੇਂ ਵਿੱਚ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ।

ਉਹਨਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜੀਵਨ ਵਿੱਚ ਪਲਾਸਟਿਕ ਦੀ ਵਰਤੋਂ ਨੂੰ ਘਟਾਉਣ ਤੇ ਆਪਣੇ ਮਾਪਿਆਂ ਨੂੰ ਪਲਾਸਟਿਕ ਦੀ ਵਰਤੋਂ ਤੋਂ ਆਉਣ ਵਾਲੇ ਨੁਕਸਾਨ ਬਾਰੇ ਜਾਣੂ ਕਰਵਾਉਣ।

ਉਹਨਾਂ ਦੱਸਿਆ ਕਿ ਪਲਾਸਟਿਕ ਦੀ ਵਰਤੋਂ ਕੇਵਲ ਇਨਸਾਨਾਂ ਲਈ ਹੀ ਨਹੀਂ ਸਗੋਂ ਜਾਨਵਰਾਂ ਅਤੇ ਸਮੁੰਦਰੀ ਜੀਵ ਜੰਤੂਆਂ ਲਈ ਵੀ ਹਾਨੀਕਾਰਕ ਹੈ।

ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਜਸਪ੍ਰੀਤ ਸਿੰਘ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਵਾਤਾਵਰਨ ਸਬੰਧੀ ਜਾਗਰੂਕਤਾ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਾਤਾਵਰਨ ਸੰਬੰਧੀ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਉਤਸ਼ਾਹ ਪੈਦਾ ਕਰਦੇ ਹਨ।

ਉਹਨਾਂ ਕਿਹਾ ਕਿ ਇਹ ਉਪਰਾਲਾ ਵਿਦਿਆਰਥੀਆਂ ਵਿੱਚ ਵਾਤਾਵਰਨ ਪ੍ਰਤੀ ਚੇਤੰਨਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਭਾਰਨ ਵੱਲ ਇੱਕ ਸਲਾਘਾਯੋਗ ਕਦਮ ਸਾਬਤ ਹੋਵੇਗਾ।

ਇਸ ਮੌਕੇ ਸਮਾਗਮ ‘ਚ ਭਾਗ ਲੈਣ ਵਾਲੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਖੇਤਰੀ ਦਫਤਰ ਵੱਲੋਂ ਕੱਪੜੇ ਦੇ ਬੈਗ ਵੰਡੇ ਗਏ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਬਾਜ਼ਾਰ ਜਾਣ ਮੌਕੇ ਪਲਾਸਟਿਕ ਦੇ ਲਿਫਾਫਿਆਂ ਦੀ ਜਗ੍ਹਾ ਕੱਪੜੇ ਦੇ ਬੈਗ ਦੀ ਹੀ ਵਰਤੋਂ ਕਰਨ ਅਤੇ ਹੋਰਾਂ ਨੂੰ ਵੀ ਪ੍ਰੇਰਿਤ ਕਰਨ।

ਇਸ ਮੌਕੇ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਅਤੇ ਸਨਮਾਨ ਪੱਤਰ ਦਿੱਤੇ ਗਏ।

ਇਸ ਸਮਾਗਮ ਵਿੱਚ ਪੇਂਟਿੰਗ ਅਤੇ ਭਾਸ਼ਣ ਮੁਕਾਬਲਿਆਂ ਲਈ ਸੁਖਪਾਲ ਸਿੰਘ, ਚੇਤਵੰਤ ਸਿੰਘ (ਸਾਇੰਸ ਅਧਿਆਪਕ) ਦਿਲਪ੍ਰੀਤ ਸਿੰਘ (ਆਰਟ ਐਂਡ ਕਰਾਫਟ ਅਧਿਆਪਕ) ਵੱਲੋਂ ਜੱਜ ਦੀ ਭੂਮਿਕਾ ਨਿਭਾਈ ਗਈ।

ਇਸ ਮੌਕੇ ਆਈਓਐਲ ਕੈਮੀਕਲ ਅਤੇ ਫਾਰਮਾਸਿਊਟੀਕਲ ਦੇ ਸੀਨੀਅਰ ਮੈਨੇਜਰ ਸੰਦੀਪ ਅਰੋੜਾ ਨੇ ਆਪਣੀ ਟੀਮ ਸਮੇਤ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਲਈ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ।

ਇਸ ਮੌਕੇ ਮਿਸ ਅਰਸ਼ਦੀਪ ਕੰਗ, ਹਰਮਨਪ੍ਰੀਤ ਸਿੰਘ ਐਸਡੀਓ ਪੀਪੀਸੀਬੀ, ਗੁਰਸੇਵਕ ਸਿੰਘ, ਵਿਜੇ ਕੁਮਾਰ, ਕੁਲਦੀਪ ਸਿੰਘ, ਹਰਨੂਰ ਕੌਰ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਕਰਮਚਾਰੀ ਅਤੇ ਸਕੂਲ ਦੇ ਅਧਿਆਪਕ ਵੀ ਹਾਜ਼ਰ ਸਨ।

Posted By SonyGoyal

Leave a Reply

Your email address will not be published. Required fields are marked *