ਸੋਨੀ ਗੋਇਲ ਹੱਕ ਸੱਚ ਦੀ ਬਾਣੀ
ਆਮ ਜਨਤਾ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ: ਡਿਪਟੀ ਕਮਿਸ਼ਨ
ਬਰਨਾਲਾ, 23 ਅਪ੍ਰੈਲ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ, ਨਵੀਂ ਦਿੱਲੀ ਦੇ ਨਿਰਦੇਸ਼ਾਂ ਅਨੁਸਾਰ ਬਰਨਾਲਾ ਵਿੱਚ ਭਲਕੇ 24 ਅਪ੍ਰੈਲ ਨੂੰ ਸ਼ਾਮ 8 ਵਜੇ ਅਰੁਣ ਮੈਮੋਰੀਅਲ ਹਾਲ, ਟਰਾਈਡੈਂਟ ਸੰਘੇੜਾ ਵਿਖੇ ਸਿਵਲ ਡਿਫੈਂਸ ਏਅਰ ਰੇਡ/ ਬਲੈਕਆਊਟ ਮੌਕ ਅਭਿਆਸ ਕਰਵਾਇਆ ਜਾਵੇਗਾ। ਇਸ ਮੌਕੇ ਆਸ ਪਾਸ ਦੇ ਖੇਤਰ ਅਤੇ ਬਰਨਾਲਾ ਸ਼ਹਿਰ ਵਿਚ ਬਲੈਕਆਊਟ ਕੀਤਾ ਜਾਵੇਗਾ।
ਇਸ ਸਬੰਧੀ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਬੁਲਾਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਦੱਸਿਆ ਕਿ ਇਹ ਮੌਕ ਅਭਿਆਸ ਅਰੁਣ ਮੈਮੋਰੀਅਲ ਹਾਲ, ਟਰਾਈਡੈਂਟ ਸੰਘੇੜਾ ਵਿਖੇ ਹੋਵੇਗਾ। ਇਸ ਦੌਰਾਨ ਕੁਝ ਸਮੇਂ ਲਈ ਇਸ ਦੇ ਆਸ-ਪਾਸ ਦੇ ਇਲਾਕੇ ਅਤੇ ਬਰਨਾਲਾ ਸ਼ਹਿਰ ਵਿਚ ਕੁਝ ਸਮੇਂ ਲਈ ਬਲੈਕਆਊਟ ਕੀਤਾ ਜਾਵੇਗਾ। ਓਹਨਾਂ ਦਸਿਆ ਕਿ ਇਸ ਦੀ ਸ਼ੁਰੂਆਤ ਏਅਰ ਰੇਡ ਚੇਤਾਵਨੀ ਸੰਕੇਤ ਨਾਲ ਹੋਵੇਗੀ, ਜੋ ਸਾਇਰਨਾਂ (2 ਮਿੰਟ ਲਈ ਉੱਚੀ-ਨੀਵੀਂ ਆਵਾਜ਼) ਰਾਹੀਂ ਜਾਰੀ ਕੀਤਾ ਜਾਵੇਗਾ। ਇਸ ਦੌਰਾਨ ਬਲੈਕਆਉਟ ਕੀਤਾ ਜਾਵੇਗਾ। ਮੌਕ ਅਭਿਆਸ ਸਮਾਪਤ ਹੋਣ ਉਪਰੰਤ “ਆਲ ਕਲੀਅਰ”ਦਾ ਸੰਕੇਤ (2 ਮਿੰਟ ਲਈ ਲਗਾਤਾਰ ਉੱਚ ਧੁਨੀ ਵਾਲਾ ਸਾਇਰਨ) ਵਜਾਇਆ ਜਾਵੇਗਾ, ਜੋ ਅਭਿਆਸ ਦੇ ਖ਼ਤਮ ਹੋਣ ਦੀ ਸੂਚਨਾ ਹੋਵੇਗੀ। ਓਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਦੌਰਾਨ ਗੈਰ ਜ਼ਰੂਰੀ ਬੱਤੀਆਂ ਬੰਦ ਰੱਖੀਆਂ ਜਾਣ, ਜਦਕਿ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ। ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਮੌਕ ਅਭਿਆਸ ਦੌਰਾਨ ਅੱਗ ਬੁਝਾਊ ਕਾਰਵਾਈ, ਖੋਜ ਤੇ ਬਚਾਅ ਅਭਿਆਨ, ਮੁਢਲੀ ਸਿਹਤ ਸੰਭਾਲ ਅਤੇ ਮੈਡੀਕਲ ਸਹਾਇਤਾ, ਜ਼ਖ਼ਮੀਆਂ ਨੂੰ ਸੁਰੱਖਿਅਤ ਬਾਹਰ ਕੱਢਣਾ, ਟ੍ਰੈਫਿਕ ਅਤੇ ਭੀੜ ਨਿਯੰਤਰਣ ਦੇ ਉਪਾਅ ਵੀ ਸੰਕੇਤਕ ਤੌਰ ‘ਤੇ ਕੀਤੇ ਜਾਣਗੇ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਇਹ ਸਿਰਫ਼ ਸਿਵਲ ਡਿਫੈਂਸ ਦੀਆਂ ਤਿਆਰੀਆਂ ਦੀ ਜਾਂਚ ਲਈ ਰੁਟੀਨ ਅਭਿਆਸ ਹੈ। ਓਹਨਾਂ ਬਰਨਾਲਾ ਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਮੀਟਿੰਗ ਵਿਚ ਐੱਸ ਐੱਸ ਪੀ ਮੁਹੰਮਦ ਸਰਫਰਾਜ਼ ਆਲਮ, ਐੱਸ ਡੀ ਐਮ ਬਰਨਾਲਾ ਡਾ. ਅਜੀਤਪਾਲ ਸਿੰਘ ਚਹਿਲ, ਸਿਵਿਲ ਡਿਫੈਂਸ ਤੋਂ ਕੰਪਨੀ ਕਮਾਂਡਰ ਗੁਰਸੇਵਕ ਸਿੰਘ, ਸੀ ਡੀ ਆਈ ਜਤਿੰਦਰ ਕੁਮਾਰ, ਚੀਫ਼ ਵਾਰਡਨ ਮੋਹਿੰਦਰ ਕਪਿਲ, ਆਪਰੇਟਰ ਕੁਲਵੀਰ ਸ਼ਰਮਾ, ਅਖਿਲੇਸ਼ ਬਾਂਸਲ, ਲਖਵਿੰਦਰ ਸ਼ਰਮਾ ਮੌਜੂਦ ਸਨ।






