ਸ੍ਰੀ ਅੰਮ੍ਰਿਤਸਰ ਸਾਹਿਬ, ਕ੍ਰਿਸ਼ਨ ਸਿੰਘ ਦੁਸਾਂਝ

ਜਥੇਦਾਰ ਅਕਾਲ ਤਖ਼ਤ ਦੀ ਅਗਵਾਈ ਹੇਠ ਦਲ ਖ਼ਾਲਸਾ ਦੇ ਮੈਂਬਰਾਂ ਨੇ ਅਕਾਲ ਤਖ਼ਤ ਸਾਹਿਬ ‘ਤੇ ਕੀਤੀ ਅਰਦਾਸ

ਖ਼ਾਲਸਾ ਪੰਥ ਸਾਜਿਸ਼ਕਾਰਾਂ ਨੂੰ ਬੇਪਰਦਾ ਕਰਕੇ ਸਜ਼ਾ ਦੇਣ ਤੱਕ ਜਦੋਜਹਿਦ ਜਾਰੀ ਰੱਖੇਗਾ ਹਰਪਾਲ ਸਿੰਘ ਚੀਮਾ

ਸਿੱਖ ਕੌਮ ਨੂੰ ਡੂੰਘੀ ਸੱਟ ਮਾਰਨ ਵਾਲੀ ਦਰਬਾਰ ਸਾਹਿਬ ਅੰਦਰ ਬੇਅਦਬੀ ਦੀ ਘਟਨਾ ਨੂੰ ਦੋ ਸਾਲ ਪੂਰੇ ਹੋਣ ਮੌਕੇ ਅਕਾਲ ਤਖਤ ਸਾਹਿਬ ਵਿਖੇ ਦਲ ਖਾਲਸਾ ਦੇ ਮੈਂਬਰਾਂ ਵੱਲੋਂ ਅਰਦਾਸ ਕੀਤੀ ਗਈ ਜਿਸ ਦੀ ਅਗਵਾਈ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀਤੀ।

ਜਥੇਦਾਰ ਸਾਹਿਬ ਨੇ ਕਿਹਾ ਕਿ ਅੱਜ ਦਾ ਅਰਦਾਸ ਸਮਾਗਮ ਸਾਡੇ ਸਮੂਹਿਕ ਰੋਹ ਅਤੇ ਨਿਆਂ ਲਈ ਚੱਲ ਰਹੀ ਜਦੋਜਹਿਦ ਦਾ ਪ੍ਰਤੀਕ ਹੈ।

ਜਥੇਦਾਰ ਸਾਹਿਬ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਵਿਖੇ ਇਹ ਅਰਦਾਸ ਸਮਾਗਮ ਨਾ ਸਿਰਫ਼ ਬੀਤੇ ਸਾਲ ਦੀ ਹਿਰਦੇਵੇਧਕ ਸਾਜ਼ਿਸ਼ੀ ਘਟਨਾ ਦੀ ਯਾਦ ਨੂੰ ਚੇਤੇ ਕਰਨਾ ਹੈ, ਸਗੋਂ ਗੁਰੂ ਸਾਹਿਬਾਨ ਦਾ ਅਦਬ ਅਤੇ ਗੁਰਧਾਮਾਂ ਦੀ ਮਾਣ-ਮਰਯਾਦਾ ਅਤੇ ਕੌਮੀ ਸਵੈਮਾਣ ਪ੍ਰਤੀ ਆਪਣੀ ਕੌਮੀ ਦ੍ਰਿੜਤਾ ਅਤੇ ਏਕਤਾ ਦਾ ਸਬੂਤ ਅਤੇ ਸੰਦੇਸ਼ ਦੇਣਾ ਵੀ ਹੈ।

ਅਰਦਾਸ ਉਪਰੰਤ ਦਲ ਖ਼ਾਲਸਾ ਦੇ ਮੈਂਬਰ ਨੇ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਆ ਕੇ ਸਰਕਾਰ ਵੱਲੋਂ ਇਸ ਅਪਰਾਧ ਨੂੰ ਅਣ-ਸੁਲਝਿਆ ਛੱਡਣ ਦੇ ਰੋਸ ਅਤੇ ਰੋਹ ਵਜੋਂ ਰੋਸ ਪ੍ਰਦਰਸ਼ਨ ਕੀਤਾ।

ਤਖ਼ਤੀਆਂ ਲੈ ਕੇ ਖੜੇ ਦਲ ਖ਼ਾਲਸਾ ਦੇ ਕਾਰਜਕਰਤਾਵਾਂ ਨੇ ਕਿਹਾ ਕਿ ਅਸਲ ਸਾਜ਼ਿਸ਼ਕਰਤਾ ਨੂੰ ਬੇਨਕਾਬ ਕਰਨ ਅਤੇ ਢੁਕਵੀ ਸਜ਼ਾ ਦੇਣ ਤੱਕ ਪੰਥ ਖਾਮੋਸ਼ ਨਹੀ ਰਹੇਗਾ।

ਉਹਨਾਂ ਪੰਜਾਬ ਸਰਕਾਰ, ਪੰਜਾਬ ਪੁਲਿਸ ਅਤੇ ਉਸਦੇ ਖੁਫੀਆ ਵਿਭਾਗ ਦੀ ਨਲਾਇਕੀ ਅਤੇ ਨਿੰਕਮੇਪਣ ਦੀ ਰੱਜ ਕੇ ਆਲੋਚਨਾ ਕੀਤੀ।

ਜਥੇਬੰਦੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੋਸ਼ ਲਾਇਆ ਗਿਆ ਕਿ ਭਾਰਤ ਦੀ ਡੀਪ ਸਟੇਟ ਨੇ ਦਰਬਾਰ ਸਾਹਿਬ ਅੰਦਰ ਬੇਅਦਬੀ ਦੀ ਘਟਨਾ ਦੀ ਸਾਜ਼ਿਸ਼ ਰਚ ਕੇ ਖ਼ਾਲਸਾ ਪੰਥ ਦੇ ਹਿਰਦੇ ਨੂੰ ਛਲਣੀ ਕੀਤਾ ਹੈ, ਜਿਸ ਦੀ ਕੋਈ ਤੇ ਕਦੇ ਵੀ ਮੁਆਫ਼ੀ ਨਹੀਂ ਹੋ ਸਕਦੀ।

ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 18 ਦਸੰਬਰ, 2021 ਨੂੰ ਭਾਰਤ ਦੇ ਡੀਪ ਸਟੇਟ ਨਾਲ ਜੁੜੇ ਇੱਕ ਮਾੜੇ ਅਨਸਰ ਨੇ ਦਰਬਾਰ ਸਾਹਿਬ ਦੇ ਪਾਵਨ ਅਸਥਾਨ ਦੀ ਬੇਅਦਬੀ ਦੀ ਕੋਸ਼ਿਸ਼ ਕੀਤੀ ਜੋ ਸਿੱਖ ਪੰਥ ਦੀ ਰੂਹ ਅਤੇ ਦਿਲ ਤੇ ਹਮਲਾ ਸੀ ਅਤੇ ਸਿੱਖ ਕੌਮ ਨੂੰ ਚੁਣੌਤੀ ਦੇਣ ਦੀ ਕੋਝੀ ਕੋਸ਼ਿਸ਼ ਸੀ।

ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਅਡਵਾਂਸ ਬਾਇਓਮੀਟ੍ਰਿਕ ਤਕਨੀਕਾਂ ਤੱਕ ਪਹੁੰਚ ਦੇ ਬਾਵਜੂਦ, ਬੇਅਦਬੀ ਦੇ ਦੋਸ਼ੀ ਦੀ ਪਛਾਣ ਦਾ ਇੱਕ ਰਹੱਸ ਬਣਨਾ, ਜਾਂਚ ਅਤੇ ਖੁਫੀਆ ਵਿਭਾਗ ਬਾਰੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ ਅਤੇ ਡੂੰਘੀ ਸਾਜ਼ਿਸ਼ ਵੱਲ ਵੀ ਇਸ਼ਾਰਾ ਕਰਦਾ ਹੈ।

ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਸਿੱਖਾਂ ਲਈ ਖੁਸ਼ਕਿਸਮਤੀ ਨਾਲ, ਦੁਨੀਆ ਭਰ ਵਿੱਚ ਹਾਲ ਹੀ ਦੇ ਘਟਨਾਕ੍ਰਮ ਨੇ ਇਹਨਾਂ ਨਾਪਾਕ ਸਾਜ਼ਿਸ਼ਾਂ ਨੂੰ ਨੰਗਾ ਕੀਤਾ ਹੈ।

ਦਲ ਖਾਲਸਾ ਨੇ ਅਜਿਹੀਆਂ ਕਾਨੂੰਨ ਦੇ ਘੇਰੇ ਤੋਂ ਬਾਹਰ ਸਰਗਰਮ ਤਾਕਤਾਂ ਨੂੰ ਮਿਲਿਆ ਅੰਨੀਆਂ ਤਾਕਤ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਭਾਰਤ ਦਾ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਤੋਂ ਇੱਕ ਤਾਨਾਸ਼ਾਹੀ ਬਹੁਗਿਣਤੀ ਰਾਜ ਵਿੱਚ ਤਬਦੀਲ ਹੋਣਾ ਇਸ ਦਾ ਸਬੂਤ ਹੈ।

ਦਲ ਖਾਲਸਾ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਸਰਕਾਰ ਨੂੰ ਇਨ੍ਹਾਂ ਘਟਨਾਵਾਂ ਦੀ ਗੰਭੀਰਤਾ ਨੂੰ ਪਛਾਣਨ ਅਤੇ ਨਿਆਂ ਯਕੀਨੀ ਬਣਾਉਣ ਅਤੇ ਭਵਿੱਖ ਵਿੱਚ ਬੇਅਦਬੀ ਵਾਲੀਆਂ ਘੋਰ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਤੁਰੰਤ ਪ੍ਰਭਾਵੀ ਕਾਰਵਾਈਆਂ ਕਰਨ ਦਾ ਸੱਦਾ ਦਿੱਤਾ।

ਇਸ ਮੌਕੇ ਅਕਾਲੀ ਆਗੂ ਦਇਆ ਸਿੰਘ ਕੱਕੜ, ਭਾਈ ਨਰੈਣ ਸਿੰਘ, ਸਰਬਜੀਤ ਸਿੰਘ ਘੁਮਾਣ, ਗੁਰਨਿਵਾਜ ਸਿੰਘ, ਸਾਰਾਜ ਸਿੰਘ ਮੋਗਾ, ਰਣਬੀਰ ਸਿੰਘ, ਸੁਖਦੇਵ ਸਿੰਘ ਹਸਨਪੁਰ, ਗੁਰਦੀਪ ਸਿੰਘ ਕਾਲਕਟ, ਗੁਰਵਿੰਦਰ ਸਿੰਘ ਬਠਿੰਡਾ, ਗੁਰਨਾਮ ਸਿੰਘ ਮੂਣਕਾ, ਬਿੱਟੂ ਮਜੀਠਾ, ਰਣਜੀਤ ਸਿੰਘ ਦਮਦਮੀ ਟਕਸਾਲ ਆਦਿ ਅਰਦਾਸ ਵਿੱਚ ਸ਼ਾਮਿਲ ਹੋਏ।

Posted By SonyGoyal

Leave a Reply

Your email address will not be published. Required fields are marked *