ਸੋਨੀ ਗੋਇਲ ਹੱਕ ਸੱਚ ਦੀ ਬਾਣੀ
22 ਏਕੜ ਖੇਤਰ ਕੋਲ ਲੱਗਦਾ ਕੂੜਾ ਡੰਪ ਹੋਵੇਗਾ ਖਤਮ; ਸੀਸੀਟੀਵੀ ਕੈਮਰਿਆਂ ਨਾਲ ਰੱਖੀ ਜਾਵੇਗੀ ਤਿੱਖੀ ਨਜ਼ਰ
ਸ਼ਹਿਰ ਨੂੰ ਸੁੰਦਰ ਬਣਾਉਣ ਲਈ ਸ਼ਹਿਰ ਵਾਸੀਆਂ ਤੋਂ ਮੰਗਿਆ ਸਹਿਯੋਗ
ਬਰਨਾਲਾ:01 ਸਤੰਬਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸੂਬੇ ਨੂੰ ਸਾਫ਼-ਸੁਥਰਾ ਬਣਾਉਣ ਦੇ ਮਕਸਦ ਨਾਲ ਕੀਤੀ ਗਈ ਵੱਡੀ ਪਹਿਲਕਦਮੀ “ਮਿਸ਼ਨ ਕਲੀਨ ਪੰਜਾਬ” ਤਹਿਤ ਅੱਜ ਸਵੇਰੇ ਬਰਨਾਲਾ ਦੇ 22 ਏਕੜ ਖੇਤਰ ’ਚ ਮੇਅਰ ਹਸਨਪ੍ਰੀਤ ਭਾਰਦਵਾਜ ਦੀ ਦੇਖ-ਰੇਖ ਹੇਠ ਵਿਸ਼ੇਸ਼ ਸਫਾਈ ਮੁਹਿੰਮ ਦਾ ਆਗਾਜ਼ ਕੀਤਾ ਗਿਆ।
ਮੁਹਿੰਮ ਦੀ ਸ਼ੁਰੂਆਤ ਦੌਰਾਨ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਪੱਤੀ ਰੋਡ ਨਾਲ ਲੱਗਦੇ 22 ਏਕੜ ਕੋਲ ਕੂੜਾ ਡੰਪ ਨੂੰ ਖਤਮ ਕਰਨ ਲਈ ਵਚਨਬੱਧਤਾ ਦੁਹਰਾਈ। ਓਹਨਾਂ ਕਿਹਾ ਕਿ ਇਸ ਪੁਆਇੰਟ ਉੱਪਰ ਜਲਦ ਹੀ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ ਤਾਂ ਜੋ ਖੁੱਲ੍ਹੇ ’ਚ ਕੂੜਾ ਸੁੱਟਣ ਵਾਲਿਆਂ ਦੀ ਪਛਾਣ ਕੀਤੀ ਜਾ ਸਕੇ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਵੀ ਜਾਗਰੂਕ ਨਿਗਰਾਨ ਦੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ।
ਮੇਅਰ ਨੇ ਸ਼ਹਿਰ ਵਾਸੀਆਂ ਨੂੰ ਖੁੱਲ੍ਹੇ ’ਚ ਕੂੜਾ ਨਾ ਸੁੱਟਣ ਦੀ ਅਪੀਲ ਕਰਦਿਆਂ ਕਿਹਾ ਕਿ ਹਰ ਵਿਅਕਤੀ ਸੁਚੇਤ ਹੋ ਕੇ ਕੂੜਾ ਸਿਰਫ਼ ਨਗਰ ਨਿਗਮ ਦੀਆਂ ਗੱਡੀਆਂ ’ਚ ਹੀ ਪਾਵੇ। ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ’ਚ ਰੱਖਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਵੀ ਮੁਹੱਲੇ ਜਾਂ ਘਰ ਅੱਗੇ ਨਗਰ ਨਿਗਮ ਦਾ ਕੂੜਾ ਚੁੱਕਣ ਵਾਲਾ ਵਾਹਨ ਨਹੀਂ ਪਹੁੰਚਦਾ, ਤਾਂ ਨਾਗਰਿਕ ਤੁਰੰਤ ਸਰਕਾਰ ਦੀ ਐਮ-ਸੇਵਾ (mSewa) ਐਪ ਉੱਪਰ ਆਪਣੀ ਆਨਲਾਈਨ ਸ਼ਿਕਾਇਤ ਦਰਜ ਕਰਵਾ ਸਕਦੇ ਹਨ, ਜਿਸ ‘ਤੇ ਸਬੰਧਤ ਟੀਮਾਂ ਤੁਰੰਤ ਕਾਰਵਾਈ ਕਰਨਗੀਆਂ।
ਮੇਅਰ ਭਾਰਦਵਾਜ ਨੇ ਜ਼ੋਰ ਦਿੰਦਿਆਂ ਕਿਹਾ ਕਿ ਕਿਸੇ ਵੀ ਸ਼ਹਿਰ ਨੂੰ ਸਾਫ਼-ਸੁਥਰਾ ਤੇ ਸੁੰਦਰ ਬਣਾਉਣਾ ਲਈ ਸਿਰਫ਼ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਕਾਫੀ ਨਹੀਂ, ਇਸ ’ਚ ਸ਼ਹਿਰ ਵਾਸੀਆਂ ਦਾ ਪੂਰਨ ਤੇ ਸੁਹਿਰਦ ਸਹਿਯੋਗ ਬਹੁਤ ਜ਼ਰੂਰੀ ਹੈ। ਓਹਨਾਂ ਕਿਹਾ ਕਿ ਨਗਰ ਨਿਗਮ ਵਲੋਂ ਸ਼ਹਿਰ ਦੇ ਸਾਰੇ ਪ੍ਰਮੁੱਖ ਕੂੜਾ ਪੁਆਇੰਟਾਂ ਨੂੰ ਪੜਾਅਵਾਰ ਖਤਮ ਕੀਤਾ ਜਾ ਰਿਹਾ ਹੈ।
ਇਸ ਮੌਕੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਸਥਾਨਕ ਆਗੂਆਂ ਨੇ ਵੀ ਸਫਾਈ ਮੁਹਿੰਮ ’ਚ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਰੋਹਿਤ ਓਸ਼ੋ, ਰਾਜੇਸ਼ ਭੁਟਾਨੀ, ਨਗਰ ਨਿਗਮ ਦੇ ਇੰਸਪੈਕਟਰ ਅੰਕੁਸ਼ ਕੁਮਾਰ ਤੋਂ ਇਲਾਵਾ ਸਫਾਈ ਸੇਵਕ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।






