ਯੂਨੀਵਿਜ਼ਨ ਨਿਊਜ਼ ਇੰਡੀਆ, ਅੰਮ੍ਰਿਤਸਰ

ਅੰਮ੍ਰਿਤਸਰ ਤੋਂ ਨਾਂਦੇੜ ਲਈ ਏਅਰ ਇੰਡੀਆ ਦੀ ਬੰਦ ਪਈ ਉਡਾਣ ਤੁਰੰਤ ਸ਼ੁਰੂ ਹੋਵੇ : ਪ੍ਰੋ. ਸਰਚਾਂਦ ਸਿੰਘ ਖਿਆਲਾ, ਆਲਮਬੀਰ ਧੁੰਨ

7 ਦਸੰਬਰ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੂੰ ਪੰਜਾਬ ਦੇ ਹਵਾਈ ਅੱਡਿਆਂ ਤੋਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਏਅਰ ਇੰਡੀਆ ਦੀਆਂ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਅਪੀਲ ਕਰਦਿਆਂ ਪੰਜਾਬ ਭਾਜਪਾ ਦੇ ਮੀਡੀਆ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ, ਸੀਨੀਅਰ ਆਗੂ ਆਲਮਬੀਰ ਸਿੰਘ ਧੁੰਨ ਅਤੇ ਅਰੁਣ ਸ਼ਰਮਾ ਨੇ ਕਿਹਾ ਕਿ ਟਰੇਨ ਰਾਹੀਂ ਸਫ਼ਰ ਲੰਮਾ ਹੋਣ ਕਾਰਨ ਸੰਗਤਾਂ ਲਈ ਨਾਂਦੇੜ ਸਾਹਿਬ ਜਾਣਾ ਬੜਾ ਮੁਸ਼ਕਲ ਹੋ ਰਿਹਾ ਹੈ। ਇਸੇ ਲਈ ਪੰਜਾਬ ਦੇ ਘਰੇਲੂ ਹਵਾਈ ਅੱਡਿਆਂ ਤੋਂ ਨਾਂਦੇੜ ਸਾਹਿਬ ਲਈ ਉਡਾਣਾਂ ਸ਼ੁਰੂ ਕਰਨ ਦੀ ਪਿਛਲੇ ਲੰਬੇ ਸਮੇਂ ਤੋਂ ਮੰਗ ਚੱਲ ਕੀਤੀ ਜਾ ਰਹੀ ਹੈ।

ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੂੰ ਲਿਖੇ ਪੱਤਰ ’ਚ ਭਾਜਪਾ ਆਗੂਆਂ ਨੇ ਕਿਹਾ ਕਿ ਸ੍ਰੀ ਹਜ਼ੂਰ ਸਾਹਿਬ ਸਿੱਖ ਧਰਮ ਦੇ ਲੋਕਾਂ ਲਈ ਵੱਡੀ ਆਸਥਾ ਦਾ ਕੇਂਦਰ ਹੈ।

ਨਾਨਕ ਨਾਮ ਲੇਵਾ ਸੰਗਤਾਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਆਖ਼ਰੀ ਚੋਜਾਂ ਦੀ ਯਾਦ ਸਮੋਈ ਬੈਠੇ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਦੀ ਬਹੁਤ ਤਾਂਘ ਰੱਖਦੀਆਂ ਹਨ।

ਭਾਜਪਾ ਆਗੂਆਂ ਨੇ ਸ੍ਰੀ ਸਿੰਧੀਆ ਦੇ ਧਿਆਨ ਵਿੱਚ ਲਿਆਂਦਾ ਕਿ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ, ਅੰਮ੍ਰਿਤਸਰ ਤੋਂ ਨਾਂਦੇੜ ਵਿਚਾਲੇ ਚੱਲਣ ਵਾਲੀ ਏਅਰ ਇੰਡੀਆ ਦੀ ਉਡਾਣ ਨੂੰ 30 ਸਤੰਬਰ 2021 ਤੋਂ ਬੰਦ ਕਰ ਦਿੱਤੇ ਜਾਣ ਨਾਲ ਸਿੱਖ ਸੰਗਤਾਂ ‘ਚ ਰੋਸ ਪਾਇਆ ਜਾ ਰਿਹਾ ਹੈ।

ਸੰਗਤਾਂ ਦੀ ਆਸਥਾ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੀ ਸਹੂਲਤ ਲਈ ਨਾਂਦੇੜ ਸਾਹਿਬ ਲਈ ਫਲਾਈਟਾਂ ਨੂੰ ਤੁਰੰਤ ਸ਼ੁਰੂ ਕਰਨ ਦੀ ਲੋੜ ਹੈ। ਅਜਿਹੀਆਂ ਉਡਾਣਾਂ ਪੰਜਾਬ ਦੇ ਸਾਰੇ ਘਰੇਲੂ ਹਵਾਈ ਅੱਡਿਆਂ ਤੋਂ ਜਲਦ ਤੋਂ ਜਲਦ ਸ਼ੁਰੂ ਕਰਨ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਆਦਮਪੁਰ ਜਲੰਧਰ ਤੋਂ ਫਲਾਈਟ ਸ਼ੁਰੂ ਹੋਣ ਨਾਲ ਦੁਆਬੇ ਦੀਆਂ ਸੰਗਤਾਂ, ਸਾਹਨੇਵਾਲ -ਲੁਧਿਆਣੇ ਅਤੇ ਬਠਿੰਡਾ ਦੇ ਘਰੇਲੂ ਹਵਾਈ ਅੱਡਿਆਂ ਤੋਂ ਨਾਂਦੇੜ ਲਈ ਫਲਾਈਟਾਂ ਸ਼ੁਰੂ ਕਰਨ ਨਾਲ ਮਾਲਵੇ ਦੀਆਂ ਸੰਗਤਾਂ ਨੂੰ ਵੱਡਾ ਲਾਭ ਹੋਵੇਗਾ।

ਉਨ੍ਹਾਂ ਕਿਹਾ ਕਿ ਸਰਦੀਆਂ ’ਚ ਸੜਕੀ ਅਤੇ ਰੇਲ ਆਵਾਜਾਈ ’ਚ ਆਉਂਦੀਆਂ ਸਮੱਸਿਆ ਨੂੰ ਹਵਾਈ ਸਫ਼ਰ ਰਾਹੀਂ ਹੀ ਜਲਦ ਹੱਲ ਕੀਤਾ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਹਰ ਰੋਜ਼ ਕਰੀਬ ਢਾਈ ਤੋਂ 3 ਲੱਖ ਸ਼ਰਧਾਲੂ ਨਤਮਸਤਕ ਹੋਣ ਆਉਂਦੇ ਹਨ, ਉਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਸ੍ਰੀ ਅੰਮ੍ਰਿਤਸਰ ਹਵਾਈ ਅੱਡੇ ਤੋਂ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਕਰਨ ਦੀ ਲੋਚਾ ਰੱਖਦੇ ਹਨ ।

ਪਰ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਨਾ ਤਾਂ ਪੰਜਾਬ ਅਤੇ ਨਾ ਹੀ ਕੇਂਦਰ ਸਰਕਾਰ ਨੇ ਨਾਂਦੇੜ ਸਾਹਿਬ ਲਈ ਹਵਾਈ ਉਡਾਣ ਦੀ ਮੰਗ ਵੱਲ ਸੰਜੀਦਗੀ ਦਿਖਾਈ ਹੈ।

ਉਨ੍ਹਾਂ ਕੇਂਦਰ ਸਰਕਾਰ ਨੂੰ ਅੰਮ੍ਰਿਤਸਰ ਤੋਂ ਨਾਂਦੇੜ ਆਉਣ-ਜਾਣ ਵਾਲੀ ਬੰਦ ਪਈ ਉਡਾਣ ਤੁਰੰਤ ਮੁੜ ਸ਼ੁਰੂ ਕਰਵਾਉਣ ਸਬੰਧੀ ਤੁਰੰਤ ਲੋੜੀਂਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

Posted By SonyGoyal

Leave a Reply

Your email address will not be published. Required fields are marked *