ਮਨਿੰਦਰ ਸਿੰਘ, ਭਦੌੜ
ਥਾਣਾ ਭਦੌੜ ਦੀ ਪੁਲਿਸ ਨੇ ਅੱਜ ਸਿਵਲ ਹਸਪਤਾਲ ਭਦੌੜ ਚੋਂ ਮਾਰੂ ਹਥਿਆਰਾਂ ਸਮੇਤ 11 ਵਿਅਕਤੀਆਂ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ।
ਥਾਣਾ ਭਦੌੜ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਥਾਣਾ ਭਦੌੜ ਦੇ ਮੁੱਖ ਅਫਸਰ ਸਬ ਇੰਸਪੈਕਟਰ ਜਗਦੇਵ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਮਵਾਰ ਦੀ ਦੁਪਹਿਰ 11 ਕੁ ਵਜੇ ਸਾਨੂੰ ਸੂਚਨਾ ਮਿਲੀ ਕਿ ਦੀਪਗੜ੍ਹ ਤੋਂ ਰਾਮਗੜ੍ਹ ਰੋਡ ਤੇ ਇੱਕ ਲੜਕੇ ਗੁਰਦੀਪ ਸਿੰਘ ਦੀ ਚਾਰ ਪੰਜ ਵਿਅਕਤੀ ਜਿਨਾਂ ਵਿੱਚ ਸੋਮਾ ਸਿੰਘ ਤੇ ਮੰਗਾ ਸਿੰਘ ਉਸ ਨੂੰ ਘੇਰ ਕੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰ ਰਹੇ ਹਨ।
ਸੂਚਨਾ ਮਿਲਦਿਆਂ ਤੁਰੰਤ ਹੀ ਅਸੀਂ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਜਿੱਥੇ ਕੁੱਟਮਾਰ ਕਰਨ ਵਾਲੇ ਲੜਕੇ ਇਨੋਵਾ ਗੱਡੀ ਤੇ ਮੌਕੇ ਤੋਂ ਫਰਾਰ ਹੋਣ ਚ ਸਫਲ ਹੋ ਗਏ।
ਗੁਰਦੀਪ ਸਿੰਘ ਪੁੱਤਰ ਹਰਚੰਦ ਸਿੰਘ ਵਾਸੀ ਦੌਧਰ ਜਿਸ ਦੇ ਸੱਟਾਂ ਲੱਗੀਆਂ ਹੋਈਆਂ ਸਨ ਉਸ ਦੇ ਮਾਤਾ ਪਿਤਾ ਨੂੰ ਬੁਲਾ ਕੇ ਸਿਵਿਲ ਹਸਪਤਾਲ ਭਦੌੜ ਵਿਖੇ ਦਾਖਲ ਕਰਵਾਇਆ।
ਜਿੱਥੇ ਦਾਖਲ ਗੁਰਦੀਪ ਸਿੰਘ ਨੇ ਫੋਨ ਕਰਕੇ ਆਪਣੇ ਪਿੰਡੋਂ 14-15 ਲੜਕੇ ਜੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਸਿਵਲ ਹਸਪਤਾਲ ਭਦੌੜ ਪੁੱਜੇ ਜਿਨਾਂ ਪਾਸ ਕਾਫੀ ਘਾਤਕ ਤੇਜ਼ਧਾਰ ਹਥਿਆਰ ਕਿਰਪਾਨਾ, ਗੰਡਾਸੇ ਸਨ ਜੋ ਕਿ ਦਾਖਲ ਗੁਰਦੀਪ ਸਿੰਘ ਨੂੰ ਇਹ ਪੁੱਛਣ ਲਈ ਆਏ ਸਨ ਕਿ ਜਿਹੜੇ ਲੜਕਿਆਂ ਨੇ ਗੁਰਦੀਪ ਸਿੰਘ ਦੀ ਕੁੱਟਮਾਰ ਕੀਤੀ ਹੈ ਉਨ੍ਹਾਂ ਦਾ ਘਰ ਕਿੱਥੇ ਹੈ ਤਾਂ ਜੋ ਉਹਨਾਂ ਵਿਅਕਤੀਆਂ ਤੇ ਹਮਲਾ ਕਰਕੇ ਕੋਈ ਅਣਸਖਾਵੀ ਘਟਨਾ ਨੂੰ ਅੰਜਾਮ ਦਿੱਤਾ ਜਾ ਸਕੇ।
ਸੂਚਨਾ ਮਿਲਦਿਆਂ ਹੀ ਥਾਣਾ ਭਦੌੜ ਦੀ ਪੁਲਿਸ ਨੇ ਥਾਣਾ ਮੁਖੀ ਜਗਦੇਵ ਸਿੰਘ ਸਿੱਧੂ ਦੀ ਅਗਵਾਈ ਹੇਠ ਸਿਵਲ ਹਸਪਤਾਲ ਭਦੌੜ ਪੁੱਜ ਕੇ ਚਾਰੇ ਪਾਸਿਓਂ ਘੇਰਾ ਪਾ ਕੇ 11 ਨੌਜਵਾਨਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਸਮੇਤ ਕਾਬੂ ਕਰ ਲਿਆ।
ਥਾਣਾ ਮੁਖੀ ਨੇ ਦੱਸਿਆ ਕਿ ਉਕਤ ਮੁਲਜਮਾਂ ਨੂੰ 19 ਦਸੰਬਰ ਮੰਗਲਵਾਰ ਨੂੰ ਐਸਡੀਐਮ ਦਫਤਰ ਵਿਖੇ ਪੇਸ਼ ਕੀਤਾ ਜਾਵੇਗਾ।
ਇਸ ਸਮੇਂ ਇੰਸਪੈਕਟਰ ਤਰਸੇਮ ਸ਼ਰਮਾ ਸੈਦੋਕੇ, ਏਐਸਆਈ ਸੰਤੋਖ ਸਿੰਘ, ਹੌਲਦਾਰ ਪਵਨ ਕੁਮਾਰ ਬਾਵਾ, ਲਖਵੀਰ ਸਿੰਘ ਲੱਖਾ, ਥਾਣਾ ਭਦੌੜ ਦੇ ਮੁੱਖ ਮੁਨਸ਼ੀ ਪੰਕਜ ਗੋਇਲ ਤੋਂ ਇਲਾਵਾ ਪੁਲਿਸ ਪਾਰਟੀ ਹਾਜ਼ਰ ਸੀ।






