ਹਰੀਸ਼ ਗੋਇਲ ਬਰਨਾਲਾ

ਰਾਜ ਵਿਦਿਅਕ ਖੋਜ ਅਤੇ ਸਿਖਲਾਈ ਸੰਸਥਾ ਪੰਜਾਬ ਦੀ ਹਦਾਇਤ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਸ਼ਮਸ਼ੇਰ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਬਰਜਿੰਦਰ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ ਅਧੀਨ ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਸਕੂਲਾਂ ਵਿੱਚ ਅਧਿਆਪਕ ਹਰਵਿੰਦਰ ਸਿੰਘ ਰੋਮੀ, ਬਲਕਰਨ ਸਿੰਘ ਅਤੇ ਅਮਨਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ ਸਬੰਧੀ ਜਾਗਰੂਕ ਕੀਤਾ ਗਿਆ।

ਅਧਿਆਪਕ ਹਰਵਿੰਦਰ ਸਿੰਘ ਰੋਮੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਟਲ ਮਿਸ਼ਨ ਫਾਰ ਕਾਇਆਕਲਪ ਅਤੇ ਸ਼ਹਿਰੀ ਪਰਿਵਰਤਨ ਯੋਜਨਾ ਤਹਿਤ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਕੁਦਰਤੀ ਅਤੇ ਮਨੁੱਖ ਦੁਆਰਾ ਪੈਦਾ ਕੀਤੀਆਂ ਆਫ਼ਤਾਂ ਜਿਵੇਂ ਕਿ ਭੂਚਾਲ, ਹੜ੍ਹ, ਸੜਕ ਸੁਰੱਖਿਆ, ਅੱਗ ਤੋਂ ਸੁਰੱਖਿਆ, ਬੰਬ ਧਮਾਕੇ ਆਦਿ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਅਤੇ ਇਹਨਾਂ ਆਫ਼ਤਾਂ ਨਾਲ ਨਜਿੱਠਣ ਬਾਰੇ ਜਾਗਰੂਕ ਕੀਤਾ ਗਿਆ।

ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਸ਼ਮਸ਼ੇਰ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਬਰਜਿੰਦਰ ਪਾਲ ਸਿੰਘ ਨੇ ਕਿਹਾ ਕਿ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਵੱਲੋਂ ਜਾਰੀ ਗਾਈਡਲਾਈਨਜ਼ ਦੇ ਅਨੁਸਾਰ ਹੀ ਇਹਨਾਂ ਸਕੂਲਾਂ ਵਿੱਚ ਆਫ਼ਤ ਪ੍ਰਬੰਧਨ ਸਬੰਧੀ ਵਿਦਿਅਰਥੀਆਂ ਦੀ ਮੋਕ ਡਰਿੱਲਜ਼ ਕਰਵਾਈ ਗਈ।
ਉਹਨਾਂ ਕਿਹਾ ਕਿ ਇਹ ਆਫ਼ਤ ਪ੍ਰਬੰਧਨ ਸੰਬੰਧੀ ਸਪੈਸ਼ਲ ਟਰੇਨਿੰਗ ਪ੍ਰੋਗਰਾਮ ਕਰਵਾਉਣ ਦਾ ਮਕਸਦ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਕਿਸੇ ਆਫ਼ਤ ਆਉਣ ਸਮੇਂ ਆਪਣੀ, ਆਪਣੇ ਪਰਿਵਾਰ ਅਤੇ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨ ਅਤੇ ਚੰਗੇ ਨਾਗਰਿਕ ਹੋਣ ਦਾ ਸਬੂਤ ਦੇਣ ਲਈ ਪ੍ਰੇਰਿਤ ਕਰਨਾ ਹੈ।

ਉਹਨਾਂ ਕਿਹਾ ਕਿ ਐੱਸਈਆਰਟੀ ਪੰਜਾਬ ਵੱਲੋਂ ਜਾਰੀ ਕੀਤੀ ਲਿਸਟ ਅਨੁਸਾਰ ਜ਼ਿਲ੍ਹੇ ਦੇ ਬਾਕੀ ਰਹਿੰਦੇ ਸਕੂਲਾਂ ਵਿੱਚ ਵੀ ਆਫ਼ਤ ਪ੍ਰਬੰਧਨ ਦੇ ਸਪੈਸ਼ਲ ਟਰੇਨਿੰਗ ਸੈਸ਼ਨ ਪ੍ਰੋਗਰਾਮ ਕਰਵਾਏ ਜਾਣਗੇ।
Posted By SonyGoyal






