ਮਨਿੰਦਰ ਸਿੰਘ ਬਰਨਾਲਾ
ਆਰਮਡ ਫੋਰਸਜ਼ ਫਲੈਗ ਡੇ ਦਾ ਪਵਿੱਤਰ ਦਿਹਾੜਾ ਭਾਰਤੀ ਸੈਨਾਵਾਂ ਵਿੱਚ ਤੈਨਾਤ ਜਵਾਨਾਂ ਵੱਲੋਂ ਦੇਸ਼ ਦੀ ਰੱਖਿਆ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਹਰ ਸਾਲ 07 ਦਸੰਬਰ ਨੂੰ ਮਨਾਇਆ ਜਾਂਦਾ ਹੈ।

ਇਹ ਦਿਨ ਸਾਨੂੰ ਯਾਦ ਕਰਾਉਂਦਾ ਹੈ ਕਿ ਅਸੀਂ ਥਲ, ਹਵਾਈ ਅਤੇ ਜਲ ਸੈਨਾਵਾਂ ਦੇ ਜਵਾਨਾਂ ਦੇ ਰਿਣੀ ਹਾਂ, ਜਿਹੜੇ ਦੂਰ ਦੁਰਾਡੇ ਸਰਹੱਦਾਂ ਦੀ ਰਖਵਾਲੀ ਲਈ ਬਹੁਤ ਬਹਾਦਰੀ ਨਾਲ ਲੜ੍ਹੇ ਅਤੇ ਉਨ੍ਹਾਂ ਵਿੱਚੋਂ ਕਈਆਂ ਨੇ ਦੇਸ਼ ਸੇਵਾ ਵਿੱਚ ਰਾਸ਼ਟਰ ਦੀ ਆਜ਼ਾਦੀ, ਏਕਤਾ ਅਤੇ ਅਖੰਡਤਾ ਲਈ ਮਹਾਨ ਬਲੀਦਾਨ ਦਿੱਤੇ ਹਨ।

ਇਸ ਦਿਨ ਸੇਵਾ ਕਰ ਰਹੇ ਸੈਨਿਕਾਂ ਦੇ ਹੌਸਲੇ ਬੁਲੰਦ ਰੱਖਣ ਲਈ ਉਹਨਾਂ ਨੂੰ ਵਿਸ਼ਵਾਸ ਦੁਆਇਆ ਜਾਂਦਾ ਹੈ ਕਿ ਦੇਸ਼ ਦੀ ਜਨਤਾ ਹਰ ਚੰਗੇ ਅਤੇ ਮਾੜੇ ਸਮੇਂ ਵਿੱਚ ਉਨ੍ਹਾਂ ਦੇ ਨਾਲ ਹੈ।
ਹਥਿਆਰਬੰਦ ਝੰਡਾ ਦਿਵਸ ਮੌਕੇ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਅਤੇ ਜ਼ਿਲ੍ਹਾ ਬਰਨਾਲਾ ਦੇ ਪ੍ਰਸ਼ਾਸਕੀ ਅਫ਼ਸਰਾਂ ਦੇ ਬੈਜ ਲਗਾਏ ਗਏ।

ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਕਿਹਾ ਕਿ ਹਰ ਸਾਲ 7 ਦਸੰਬਰ ਨੂੰ ਹਥਿਆਰਬੰਦ ਝੰਡਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਇਸ ਮੌਕੇ ਦੇਸ਼ ਲਈ ਜਾਨ ਦੇਣ ਵਾਲੇ ਸੁਰਮਿਆਂ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਅਤੇ ਨਾਲ ਉਨ੍ਹਾਂ ਦੇ ਪਰਿਵਾਰਾਂ ਲਈ ਦਾਨ ਰਾਸ਼ੀ ਜਮਾਂ ਕੀਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।
ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਹਥਿਆਰਬੰਦ ਸੈਨਾ ਝੰਡਾ ਦਿਵਸ ਦੇ ਮੌਕੇ ਝੰਡਾ ਫੰਡ ਵਿੱਚ ਰਾਸ਼ੀ ਦਾਨ ਕਰਦੇ ਹੋਏ ਲੋਕਾਂ ਨੂੰ ਇਸ ਨੇਕ ਕੰਮ ਲਈ ਖੁੱਲ੍ਹ ਦਿਲੀ ਅਤੇ ਸਵੈ ਇੱਛੁਕ ਹੱਥ ਲੋੜਵੰਦਾਂ ਦੀ ਸਹਾਇਤਾ ਲਈ ਵਧਾਉਂਦੇ ਹੋਏ ਵੱਧ ਤੋਂ ਵੱਧ ਰਾਸ਼ੀ ਦਾਨ ਕਰਨ ਅਪੀਲ ਕੀਤੀ ਗਈ।

ਕਮਾਂਡਰ ਬਲਜਿੰਦਰ ਵਿਰਕ (ਰਿਟਾ.), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਬਰਨਾਲਾ ਨੇ ਦੱਸਿਆ ਕਿ ਇਸ ਦਿਨ ਦੇਸ਼ ਦਾ ਹਰ ਨਾਗਰਿਕ, ਵਿਦਿਆਰਥੀਆਂ ਤੋਂ ਲੈ ਕੇ ਉਦਯੋਗਪਤੀਆਂ ਤੱਕ ਸਭ ਹਥਿਆਰਬੰਦ ਸੈਨਾਂ ਝੰਡਾ ਦਿਵਸ ਮਨਾਉਣ ਲਈ ਦਿਲ ਖੋਲ ਕੇ ਦਾਨ ਕਰਦੇ ਹਨ।
ਦਾਨ ਵਜੋਂ ਇਕੱਠਾ ਕੀਤਾ ਹੋਇਆ ਪੈਸਾ ਰਾਜ ਸਰਕਾਰ ਦੇ ਆਰਮਡ ਫੋਰਸਜ਼ ਫਲੈਗ ਡੇ ਫੰਡ ਵਿੱਚ ਜਮ੍ਹਾਂ ਕੀਤਾ ਜਾਂਦਾ ਹੈ ਜੋ ਕਿ ਦੇਸ਼ ਦੀ ਰਾਖੀ ਲਈ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ, ਨਕਾਰਾ ਹੋਏ ਸੈਨਿਕਾਂ ਅਤੇ ਲੋੜਵੰਦ ਸਾਬਕਾ ਸੈਨਿਕਾਂ/ਵਿਧਵਾਵਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਭਲਾਈ ਲਈ ਵਰਤਿਆ ਜਾਂਦਾ ਹੈ।
ਝੰਡਾ ਦਿਵਸ ਲਈ ਦਿੱਤਾ ਹੋਇਆ ਦਾਨ ਆਮਦਨ ਕਰ ਤੋਂ ਮੁਕਤ ਹੈ।
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਬਰਨਾਲਾ ਦੇ ਸੁਪਰਡੰਟ ਸ੍ਰੀ ਲਖਵੀਰ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਦੇ ਨਾਲ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸਤਵੰਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਨਰਿੰਦਰ ਧਾਲੀਵਾਲ, ਸਹਾਇਕ ਕਮਿਸ਼ਨਰ ਸ੍ਰੀ ਸੁਖਪਾਲ ਸਿੰਘ, ਪੀ. ਏ. ਡੀ. ਸੀ. ਸ਼੍ਰੀਮਤੀ ਚੰਚਲ ਕੌਸ਼ਲ ਅਤੇ ਹੋਰਨਾਂ ਦੇ ਬੈਜ ਲਗਾਏ ਗਏ।

ਇਸ ਮੌਕੇ ਸ੍ਰੀਮਤੀ ਮੇਘਾ ਮਾਨ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਬਰਨਾਲਾ, ਸੂਬੇਦਾਰ ਮੇਜਰ ਬਲਜੀਤ ਸਿੰਘ, ਗੁਰਜੀਤ ਸਿੰਘ ਸਟੈਨੋ ਅਤੇ ਸ੍ਰੀਮਤੀ ਜ਼ਸਪਾਲ ਕੌਰ ਹਾਜ਼ਰ ਸਨ।
Posted By SonyGoyal






