ਮਨਿੰਦਰ ਸਿੰਘ ਬਰਨਾਲਾ
ਬਰਨਾਲਾ ਹਲਕੇ ‘ਚ 1.50 ਕਰੋੜ ਦੇ ਨਹਿਰੀ ਪਾਣੀ ਨਾਲ ਸਬੰਧਿਤ ਕਰਵਾਏ ਜਾ ਰਹੇ ਹਨ ਕੰਮ

ਪਿੰਡ ਭੂਰੇ ਵਿਖੇ ਅੱਜ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ 71.17 ਲੱਖ ਰੁਪਏ ਦੀ ਲਾਗਤ ਨਾਲ ਥਾਪਰ ਮਾਡਲ ਉੱਤੇ ਅਧਾਰਿਤ ਛੱਪੜ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ।
ਇਸ ਬਾਰੇ ਪਿੰਡ ਵਾਸੀਆਂ ਨੂੰ ਸਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੁੰਦਿਆਂ ਹੀ ਪਿੰਡ ਵਾਸੀਆਂ ਨੂੰ ਗੰਦੇ ਪਾਣੀ ਦੀ ਨਿਕਾਸੀ ਸਬੰਧੀ ਕੋਈ ਦਿੱਕਤ ਦਰਪੇਸ਼ ਨਹੀਂ ਆਵੇਗੀ।
ਉਨ੍ਹਾਂ ਦੱਸਿਆ ਕਿ 1.5 ਏਕੜ ਰਕਬੇ ਵਿੱਚ ਸਥਿਤ ਇਸ ਛੱਪੜ ਦਾ ਕੰਮ ਅਗਲੇ 5 ਮਹੀਨਿਆਂ ਦੇ ਅੰਦਰ ਅੰਦਰ ਨੇਪਰੇ ਚਾੜ੍ਹ ਕੇ ਪਿੰਡ ਵਾਸੀਆਂ ਨੂੰ ਸਮਰਪਿਤ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਪਿੰਡ ਬਡਬਰ, ਭੱਠਲਾਂ, ਅਮਲਾ ਸਿੰਘ ਵਾਲਾ, ਕਰਮਗੜ੍ਹ, ਝਲੂਰ, ਰਾਜਗੜ੍ਹ ਅਤੇ ਫਰਵਾਹੀ ਵਿਖੇ ਛੱਪੜਾਂ ਦਾ ਨਵੀਨੀਕਰਨ ਥਾਪਰ ਮਾਡਲ ਉੱਤੇ ਅਧਾਰਿਤ ਕਰ ਦਿੱਤਾ ਗਿਆ ਹੈ। ਬਾਕੀ ਰਹਿੰਦੇ ਪਿੰਡਾਂ ‘ਚ ਵੀ ਕੰਮ ਜਲਦ ਹੀ ਸ਼ੁਰੂ ਕਰਵਾਏ ਜਾਣਗੇ।
ਮੰਤਰੀ ਨੇ ਦੱਸਿਆ ਕਿ ਇਸ ਵੇਲ਼ੇ ਬਰਨਾਲਾ ਹਲਕੇ ‘ਚ 1.50 ਕਰੋੜ ਰੁਪਏ ਦੇ ਸਿੰਜਾਈ ਵਿਭਾਗ ਨਾਲ ਸਬੰਧਿਤ ਕੰਮ ਚੱਲ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਖੇਤੀ ਲਈ ਪਾਣੀ ਲੈਣ ‘ਚ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਵਿਚੋਂ 88 ਕਰੋੜ ਰੁਪਏ ਦੇ ਕੰਮ ਸੰਘੇੜਾ ਵਿਖੇ ਚੱਲ ਰਹੇ ਹਨ।
ਉਨ੍ਹਾਂ ਕਿਹਾ ਕਿ ਸਾਰੇ ਹੀ ਪਿੰਡਾਂ ਚ ਛੱਪੜਾਂ ਦੇ ਨਵੀਨੀਕਰਨ ਤੋਂ ਇਲਾਵਾ ਖੇਡ ਮੈਦਾਨਾਂ ਦੀ ਉਸਾਰੀ ਅਤੇ ਕਮਿਊਨਿਟੀ ਹਾਲ ਬਣਾਉਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ।
ਜਿੱਥੇ ਖੇਡ ਮੈਦਾਨ ਪਿੰਡਾਂ ਦੇ ਬੱਚੇ ਅਤੇ ਨੌਜਵਾਨਾਂ ਲਈ ਵਰਦਾਨ ਸਾਬਤ ਹੋ ਰਹੇ ਹਨ ਉੱਥੇ ਨਾਲ ਹੀ ਕਮਿਊਨਿਟੀ ਹਾਲ ਦੀ ਵਰਤੋਂ ਕਰਕੇ ਪਿੰਡ ਵਾਸੀ ਵਿਆਹ, ਸ਼ਾਦੀਆਂ ਅਤੇ ਹੋਰ ਪਾਰਿਵਾਰਿਕ ਸਮਾਗਮਾਂ ਵਿੱਚ ਪੈਸੇ ਬਚਾਅ ਸਕਦੇ ਹਨ।
ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ, ਓ. ਐੱਸ. ਡੀ. ਸ੍ਰੀ ਹਸਨਪ੍ਰੀਤ ਭਾਰਦਵਾਜ, ਵੱਖ ਵੱਖ ਵਿਭਾਗਾਂ ਦੇ ਮੁਖੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Posted By SonyGoyal






