ਮਨਿੰਦਰ ਸਿੰਘ, ਧੂਰੀ
ਐਤਵਾਰ ਨੂੰ ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਗੰਨਾ ਕਾਸ਼ਤਕਾਰ ਵੀਹ ਟਰੈਕਟਰ-ਟਰਾਲੀਆਂ ’ਚ ਗੰਨਾ ਭਰ ਕੇ ਧੂਰੀ ਦੀ ਬੰਦ ਪਈ ਸ਼ੂਗਰ ਮਿੱਲ ’ਚ ਪੁੱਜੇ ਪਰ ਸ਼ੂਗਰ ਮਿੱਲ ਪ੍ਰਬੰਧਕਾਂ ਵੱਲੋਂ ਸ਼ੂਗਰ ਮਿੱਲ ਦਾ ਗੇਟ ਨਾ ਖੋਲ੍ਹਣ ਤੋਂ ਪਰੇਸ਼ਾਨ ਹੋ ਕੇ ਗੰਨਾ ਕਾਸ਼ਤਕਾਰਾਂ ਨੇ ਧੂਰੀ ’ਚ ਲੁਧਿਆਣਾ-ਦਿੱਲੀ ਮੁੱਖ ਹਾਈਵੇ ’ਤੇ ਟਰਾਲੀਆਂ ਲਗਾ ਕੇ ਚੱਕਾ ਜਾਮ ਕਰ ਦਿੱਤਾ।
ਗੰਨਾ ਕਾਸ਼ਤਕਾਰਾਂ ਨੇ ਸ਼ੂਗਰ ਮਿੱਲ ਮਾਲਕਾਂ, ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਇਥੋਂ ਲੰਘ ਰਹੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਵੀ ਘਿਰਾਓ ਕੀਤਾ ਗਿਆ ਤੇ ਕੈਬਨਿਟ ਮੰਤਰੀ ਨੇ ਉਨ੍ਹਾਂ ਨੂੰ ਜਲਦ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਪਰ ਪ੍ਰਦਰਸ਼ਨਕਾਰੀਆਂ ਨੇ ਸ਼ੂਗਰ ਮਿੱਲ ਚਲਾਉਣ ਦੀ ਮੰਗ ਰੱਖ ਦਿੱਤੀ।
ਲਗਪਗ ਇਕ ਘੰਟਾ ਕੈਬਨਿਟ ਮੰਤਰੀ ਉਥੇ ਫਸੇ ਰਹੇ ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਘਿਰਾਓ ’ਚੋਂ ਕੱਢਿਆ ਤੇ ਇਕ ਪਾਸੇ ਦੀ ਆਵਾਜਾਈ ਬਹਾਲ ਕਰਵਾਈ।
ਯਾਦ ਰਹੇ ਕਿ ਸ਼ਨਿਚਰਵਾਰ ਰਾਤ ਤੋਂ ਹੀ ਸ਼ੂਗਰ ਮਿੱਲ ਦੇ ਬਾਹਰ ਗੰਨੇ ਦੀਆਂ ਟਰਾਲੀਆਂ ਲੈ ਕੇ ਕਾਸ਼ਤਕਾਰ ਪਹੁੰਚ ਗਏ ਸਨ ਪਰ ਐਤਵਾਰ ਦੁਪਹਿਰ ਤੱਕ ਵੀ ਮਿੱਲ ਨਹੀਂ ਖੁੱਲ੍ਹੀ।
ਕਾਸ਼ਤਕਾਰਾਂ ਨੇ ਐਲਾਨ ਕੀਤਾ ਕਿ ਜੇ ਸ਼ੂਗਰ ਮਿੱਲ ਨੇ ਗੰਨਾ ਨਾ ਲਿਆ ਤੇ ਸ਼ੂਗਰ ਮਿੱਲ ਨੂੰ ਚਾਲੂ ਨਾ ਕੀਤਾ ਤਾਂ ਗੰਨਾ ਕਾਸ਼ਤਕਾਰ ਮਜਬੂਰਨ ਸਾਰਾ ਗੰਨਾ ਡੀਸੀ ਸੰਗਰੂਰ ਦੇ ਦਫਤਰ ਜਾਂ ਸੜਕਾਂ ’ਤੇ ਸੁੱਟਣ ਲਈ ਮਜਬੂਰ ਹੋਣਗੇ।
ਯਾਦ ਰਹੇ ਕਿ ਸ਼ੂਗਰ ਮਿੱਲ ਚਾਲੂ ਕਰਵਾਉਣ ਤੇ ਸ਼ੂਗਰ ਮਿੱਲ ਵੱਲ ਬਕਾਇਆ 17 ਕਰੋੜ ਰੁਪਏ ਜਾਰੀ ਕਰਵਾਉਣ ਲਈ ਗੰਨਾ ਕਾਸ਼ਤਕਾਰ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ।
ਮੌਕੇ ’ਤੇ ਐੱਸਡੀਐੱਮ ਅਮਿਤ ਗੁਪਤਾ ਗੰਨਾ ਕਾਸ਼ਤਕਾਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਦੇਰ ਸ਼ਾਮ ਤੱਕ ਧਰਨਾ ਜਾਰੀ ਸੀ।
ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਬੁਗਰਾਂ ਤੇ ਪ੍ਰੇਮਜੀਤ ਸਿੰਘ ਭੋਜੋਵਾਲੀ ਨੇ ਕਿਹਾ ਕਿ ਧੂਰੀ ਦੀ ਸ਼ੂਗਰ ਮਿੱਲ ਮੈਨੇਜਮੈਂਟ ਨੇ ਹੀ ਧੂਰੀ ਦੇ ਇਲਾਕੇ ਵਿਚ ਗੰਨਾ ਆਪਣੀ ਮਿੱਲ ਵਿਚ ਲਗਾਉਣ ਲਈ ਕਿਸਾਨਾਂ ਤੋਂ ਗੰਨੇ ਦੀ ਬਿਜਾਈ ਕਰਵਾਈ ਸੀ ਪਰ ਹੁਣ ਸੀਜ਼ਨ ਸ਼ੁਰੂ ਹੋਣ ਦੇ ਬਾਵਜੂਦ ਹਾਲੇ ਤੱਕ ਸ਼ੂਗਰ ਮਿੱਲ ਨਹੀਂ ਚਲਾਈ ਗਈ।
ਕਿਸਾਨਾਂ ਨੂੰ ਆਪਣਾ ਗੰਨਾ ਡੇਢ ਸੌ ਕਿੱਲੋਮੀਟਰ ਦੂਰ ਖੰਨਾ ਤੇ ਮੁਕੇਰੀਆਂ ਦੀ ਸ਼ੂਗਰ ਮਿੱਲ ’ਚ ਲਿਜਾਣ ਲਈ ਕਿਹਾ ਜਾ ਰਿਹਾ ਹੈ ਪਰ ਇੰਨੀ ਦੂਰ ਇਲਾਕੇ ਦੀਆਂ ਸ਼ੂਗਰ ਮਿੱਲਾਂ ਵਿਚ ਗੰਨਾ ਲਿਜਾਣ ਤੋਂ ਕਿਸਾਨ ਅਸਮਰੱਥ ਹਨ।
ਇੰਨਾ ਹੀ ਨਹੀਂ, ਬੁਗਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹਲਕੇ ਧੂਰੀ ਵਿਚ ਦੋ ਸਾਲ ਪਹਿਲਾਂ ਧੂਰੀ ਦੀ ਉਕਤ ਸ਼ੂਗਰ ਮਿੱਲ ਸਮੇਤ ਦੋ ਹੋਰ ਮਿੱਲਾਂ ਨੂੰ ਚਾਲੂ ਕਰਵਾਉਣ ਤੇ ਕਿਸਾਨਾਂ ਨੂੰ ਉਨ੍ਹਾਂ ਦੀ ਬਕਾਇਆ ਰਾਸ਼ੀ ਜਲਦ ਤੋਂ ਜਲਦ ਜਾਰੀ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਇਹ ਵਾਅਦਾ ਅੱਜ ਤੱਕ ਪੂਰਾ ਨਹੀਂ ਹੋਇਆ।
ਧੂਰੀ ਦੀ ਸ਼ੂਗਰ ਮਿੱਲ ਤੇ ਸਰਕਾਰ ਵੱਲ ਧੂਰੀ ਦੇ ਗੰਨਾ ਕਾਸ਼ਤਕਾਰਾਂ ਦਾ ਲਗਪਗ 17 ਕਰੋੜ ਰੁਪਈਆ ਪਿਛਲੇ ਸੀਜ਼ਨ ਦਾ ਬਕਾਇਆ ਹੈ ਪਰ ਇਸ ਦਾ ਭੁਗਤਾਨ ਵੀ ਨਹੀਂ ਕੀਤਾ ਗਿਆ ਹੈ।
ਅਜਿਹੇ ਹਾਲਾਤ ਵਿਚ ਕਿਸਾਨ ਆਰਥਿਕ ਤੌਰ ’ਤੇ ਪੂਰੀ ਤਰ੍ਹਾਂ ਕਮਜ਼ੋਰ ਹਨ।
ਧੂਰੀ ਤੋਂ ਡੇਢ-ਸੌ ਕਿਲੋਮੀਟਰ ਦੂਰ ਗੰਨਾ ਸ਼ੂਗਰ ਮਿੱਲਾਂ ਤੱਕ ਪਹੁੰਚਾਉਣ ਤੋਂ ਕਿਸਾਨ ਅਸਮਰੱਥ ਹਨ।
ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੇ ਸ਼ੂਗਰ ਮਿੱਲ ਪ੍ਰਬੰਧਕ ਜਾਣਬੁੱਝ ਕੇ ਗੰਨਾ ਕਾਸ਼ਤਕਾਰਾਂ ਦਾ ਸ਼ੋਸ਼ਣ ਕਰ ਰਹੇ ਹਨ।
Posted By SonyGoyal






