ਸਟਾਫਕ ਰਿਪੋਰਟਰ, ਲੁਧਿਆਣਾ

ਲੁਧਿਆਣਾ : ਡੀ-ਫਾਰਮੇਸੀ ਦੀ ਫ਼ਰਜ਼ੀ ਡਿਗਰੀ ਘੁਟਾਲੇ ’ਚ ਵਿਜੀਲੈਂਸ ਦੀ ਟੀਮ ਹੁਣ ਅਜਿਹੇ ਵਿਦਿਆਰਥੀਆਂ ਦੀ ਸੂਚੀ ਬਣਾਉਣ ’ਚ ਜੁਟ ਗਈ ਹੈ, ਜਿਨ੍ਹਾਂ ਨੇ ਫ਼ਰਜ਼ੀ ਡਿਗਰੀ ਹਾਸਲ ਕੀਤੀ ਹੈ।

ਹੁਣ ਤਕ 500 ਵਿਦਿਆਰਥੀ ਅਜਿਹੇ ਮਿਲ ਚੁੱਕੇ ਹਨ, ਜਿਨ੍ਹਾਂ ਦੀ ਡਿਗਰੀ ’ਤੇ ਗ੍ਰਿਫ਼ਤਾਰ ਕੀਤੇ ਗਏ ਅਧਿਕਾਰੀਆਂ ਦੇ ਨਾਂ ਹਨ।

ਵਿਜੀਲੈਂਸ ਹੁਣ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਬੁਲਾ ਕੇ ਪੁੱਛਗਿੱਛ ਕਰੇਗੀ।

ਇਹੀ ਨਹੀਂ, ਸਰਕਾਰੀ ਮੈਡੀਕਲ ਕਾਲਜ ਫ਼ਰੀਦਕੋਟ, ਪਟਿਆਲਾ ਤੇ ਅੰਮ੍ਰਿਤਸਰ ਦੇ ਉਨ੍ਹਾਂ ਅਧਿਕਾਰੀਆਂ ਨੂੰ ਵੀ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਜਾਵੇਗਾ, ਜੋ ਇਸ ਪੂਰੇ ਕਾਂਡ ’ਚ ਸ਼ਾਮਲ ਰਹੇ ਹਨ।

ਵਿਜੀਲੈਂਸ ਵੱਲੋਂ ਆਰਥਿਕ ਅਪਰਾਧ ਬ੍ਰਾਂਚ ਦਫ਼ਤਰ ’ਚ ਦਰਜ ਕੀਤੇ ਗਏ ਅਪਰਾਧਿਕ ਕੇਸ ’ਚ ਨਾਮਜ਼ਦ ਸਾਬਕਾ ਰਜਿਸਟ੍ਰਾਰ ਪ੍ਰਵੀਨ ਕੁਮਾਰ ਭਾਰਦਵਾਜ, ਡਾ. ਤੇਜਬੀਰ ਸਿੰਘ ਤੇ ਅਸ਼ੋਕ ਕੁਮਾਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਜਾਵੇਗਾ।

ਇਨ੍ਹਾਂ ਖ਼ਿਲਾਫ਼ ਅੱਠ ਦਸੰਬਰ ਨੂੰ ਅਪਰਾਧਿਕ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਸੀ ਤੇ ਅਦਾਲਤ ਨੇ ਉਨ੍ਹਾਂ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਸੀ।

ਹੁਣ ਉਨ੍ਹਾਂ ਨੂੰ ਵਿਜੀਲੈਂਸ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਹੁਣ ਤਕ ਕਬਜ਼ੇ ’ਚ ਲਏ ਗਏ ਰਿਕਾਰਡ ਸਬੰਧੀ ਜਾਂਚ ਕੀਤੀ ਜਾਵੇਗੀ।

ਵਿਜੀਲੈਂਸ ਅਧਿਕਾਰੀ ਮੁਤਾਬਕ ਪ੍ਰਵੀਨ ਕੁਮਾਰ ਭਾਰਦਵਾਜ ਦੇ ਸਾਲ 2001 ਤੋਂ 2009 ਤੇ ਸਾਲ 2013 ਤੋਂ 2015 ਤਕ ਅਤੇ ਡਾ. ਤੇਜਬੀਰ ਸਿੰਘ ਦੇ ਸਾਲ 2013 ’ਚ ਪੀਐੱਸਪੀਸੀ ਰਜਿਸਟ੍ਰਾਰ ਰਹਿੰਦੇ ਹੋਏ ਡੀ-ਫਾਰਮੇਸੀ ਡਿਗਰੀ ਤੋਂ ਲੈ ਕੇ ਵੱਡੇ ਪੱਧਰ ’ਤੇ ਗਬਨ ਹੋਏ ਹਨ।

ਵਿਜੀਲੈਂਸ ਮੁਤਾਬਕ ਅਕਾਊਂਟੈਂਟ ਅਸ਼ੋਕ ਕੁਮਾਰ ਵੀ ਇਸ ਘੁਟਾਲੇ ’ਚ ਸ਼ਾਮਲ ਸੀ।

ਵਿਜੀਲੈਂਸ ਦੇ ਐੱਸਐੱਸਪੀ ਰਵਿੰਦਰਪਾਲ ਸਿੰਘ ਸੰਧੂ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ ਤੇ ਇਸ ’ਚ ਕਈ ਜਾਣਕਾਰੀਆਂ ਸਾਹਮਣੇ ਆਉਣ ਦੀ ਉਮੀਦ ਹੈ।

ਪਿੰਡੀ ਸਟ੍ਰੀਟ ਦੇ ਕਾਰੋਬਾਰੀਆਂ ਤਕ ਪਹੁੰਚ ਸਕਦੀ ਹੈ ਜਾਂਚ

ਡੀ-ਫਾਰਮੇਸੀ ਕਰਨ ਤੋਂ ਬਾਅਦ ਜ਼ਿਆਦਾਤਰ ਫਾਰਮਾਸਿਸਟ ਦਵਾਈਆਂ ਦੀਆਂ ਦੁਕਾਨਾਂ ਖੋਲ੍ਹਦੇ ਹਨ ਤੇ ਦਵਾਈ ਬਣਾਉਣ ਦਾ ਕਾਰੋਬਾਰ ਕਰਦੇ ਹਨ।

ਲੁਧਿਆਣਾ ਪਿੰਡੀ ਸਟ੍ਰੀਟ ਮਾਰਕੀਟ ਉੱਤਰੀ ਭਾਰਤ ਦੀਆਂ ਵੱਡੀਆਂ ਮਾਰਕੀਟਾਂ ’ਚੋਂ ਇਕ ਹੈ।

ਇੱਥੋਂ ਕਈ ਸੂਬਿਆਂ ’ਚ ਦਵਾਈ ਦੀ ਸਪਲਾਈ ਹੁੰਦੀ ਹੈ। ਇਸ ਮਾਰਕੀਟ ’ਚ 300 ਤੋਂ ਵੱਧ ਕਾਰੋਬਾਰੀ ਕੰਮ ਕਰ ਰਹੇ ਹਨ।

ਅਜਿਹੇ ’ਚ ਆਉਣ ਵਾਲੇ ਦਿਨਾਂ ’ਚ ਵਿਜੀਲੈਂਸ ਦੀ ਜਾਂਚ ਇਸ ਮਾਰਕੀਟ ਤਕ ਪਹੁੰਚ ਸਕਦੀ ਹੈ, ਕਿਉਂਕਿ ਪਤਾ ਲੱਗਾ ਹੈ ਕਿ ਦਵਾਈ ਦਾ ਕਾਰੋਬਾਰ ਕਰਨ ਵਾਲੀਆਂ ਕਈ ਕੰਪਨੀਆਂ ’ਚ ਕੰਮ ਕਰਨ ਵਾਲੇ ਫਾਰਮਾਸਿਸਟ ਇਸ ਤਰ੍ਹਾਂ ਦੇ ਫ਼ਰਜ਼ੀ ਸਰਟੀਫਿਕੇਟ ਦੇ ਸਹਾਰੇ ਨੌਕਰੀ ਕਰ ਰਹੇ ਹਨ।

Posted By SonyGoyal

Leave a Reply

Your email address will not be published. Required fields are marked *