ਸੋਨੀ ਗੋਇਲ, ਬਰਨਾਲਾ
ਸਭਾ ਹਾਲੀਆ ਵਿਵਾਦਤ ਪੁਲਿਸ ਕੇਸਾਂ ਬਾਰੇ ਤੱਥਾਂ ਦੀ ਖੋਜ ਕਰੇਗੀ – ਠੁੱਲੀਵਾਲ
ਦਸੰਬਰ 11, 2023 ਜਮਹੂਰੀ ਅਧਿਕਾਰ ਸਭਾ ਬਰਨਾਲਾ ਦੀ ਜਿਲ੍ਹਾ ਕਾਰਜਕਾਰਨੀ ਦੀ ਮੀਟਿੰਗ ਸ਼ਨੀਵਾਰ ਨੂੰ ਤਰਕਸ਼ੀਲ ਭਵਨ ਵਿਖੇ ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ ਦੀ ਪ੍ਰਧਾਨਗੀ ਹੇਠ ਹੋਈ।
ਪ੍ਰੈਸ ਲਈ ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਪ੍ਰਧਾਨ ਤੇ ਸਕੱਤਰ ਸੋਹਣ ਸਿੰਘ ਮਾਝੀ ਨੇ ਦੱਸਿਆ ਕਿ 24 ਦਸੰਬਰ ਨੂੰ ਤਰਕਸ਼ੀਲ ਬਰਨਾਲਾ ਵਿਖੇ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਇੱਕ ਸੈਮੀਨਾਰ ਕਰਵਾਇਆ ਜਾਵੇਗਾ।
ਜਮਹੂਰੀ ਕਾਰਕੁਨ ਐਡਵੋਕੇਟ ਸੁਦੀਪ ਸਿੰਘ ਬਠਿੰਡਾ ਫਲਸਤੀਨ ਮਸਲਾ ਅਤੇ ਮਨੁੱਖੀ ਅਧਿਕਾਰ ਵਿਸ਼ੇ ਬਾਰੇ ਅਤੇ ਉਘੇ ਗਾਂਧੀਵਾਦੀ ਕਾਰਕੁਨ ਹਿਮਾਂਸ਼ੂ ਕੁਮਾਰ ਦੇਸ਼ ਵਿੱਚ ਆਦਿਵਾਸੀਆਂ ਤੇ ਘੱਟ- ਗਿਣਤੀਆਂ ਉਪਰ ਹੋ ਰਹੇ ਜਬਰ ਬਾਰੇ ਸੰਬੋਧਨ ਕਰਨਗੇ।
ਜਮਹੂਰੀ ਅਧਿਕਾਰ ਸਭਾ ਦੇ ਨਿਰਪੱਖ ਤੇ ਤੱਥ- ਆਧਾਰਿਤ ਰਿਪੋਰਟਾਂ ਜਾਰੀ ਕਰਨ ਵਾਲੇ ਅਕਸ ਦੇ ਮੱਦੇਨਜ਼ਰ ਕੁੱਝ ਲੋਕਾਂ ਨੇ ਪਿਛਲੇ ਦਿਨਾਂ ਦੌਰਾਨ ਬਰਨਾਲਾ ਪੁਲਿਸ ਦੁਆਰਾ ਕੀਤੀਆਂ ਕਥਿਤ ਵਧੀਕੀਆਂ ਦੀ ਤੱਥ ਖੋਜ ਕਰਨ ਲਈ ਸਭਾ ਤੱਕ ਪਹੁੰਚ ਕੀਤੀ ਹੈ।
ਮੀਟਿੰਗ ਵਿੱਚ 22 ਅਕਤੂਬਰ ਨੂੰ ਬਰਨਾਲਾ ਵਿਖੇ ਇੱਕ ਝਗੜੇ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੀ ਹੋਈ ਮੰਦਭਾਗੀ ਮੌਤ ‘ਤੇ ਦੁਖ ਦਾ ਪ੍ਰਗਟਾਵਾ ਕੀਤਾ ਅਤੇ ਨਿਰਪੱਖ ਅਦਾਲਤੀ ਪ੍ਰਕਿਰਿਆ ਅਪਣਾਉਣ ਦੀ ਮੰਗ ਕੀਤੀ ਗਈ।
ਇਸ ਘਟਨਾ ਨਾਲ ਸਬੰਧਿਤ ਦੱਸੇ ਜਾਂਦੇ ਇੱਕ ਮੁਲਜਮ ਪਰਮਜੀਤ ਸਿੰਘ ਉਰਫ ਪੰਮਾ ਦੀ ਗ੍ਰਿਫਤਾਰੀ ਬਾਰੇ ਉਸ ਦੀ ਪਤਨੀ ਸੁਖਵਿੰਦਰ ਕੌਰ ਦੁਆਰਾ ਸਭਾ ਕੋਲ ਕੀਤੇ ਖੁਲਾਸਿਆਂ ਤੋਂ ਪ੍ਰਤੀਤ ਹੁੰਦਾ ਹੈ ਕਿ ਪੁਲਿਸ ਨੇ ਉਸ ਦੀ ਗ੍ਰਿਫਤਾਰੀ ਲਈ ਪੇਸ਼ੇਵਾਰਾਨਾ ਦੀ ਬਜਾਏ ਬਦਲਾਲਊ ਪਹੁੰਚ ਅਪਣਾਈ।
ਪੂਰੇ ਤੱਥ ਸਾਹਮਣੇ ਲਿਆਉਣ ਲਈ ਸਭਾ ਤੱਥਾਂ ਦੀ ਖੋਜ ਕਰੇਗੀ।
ਇਸੇ ਤਰ੍ਹਾਂ ਕੋਲੋਨਾਈਜਰਾਂ ਦੀਆਂ ਬੇਨਿਯਮੀਆਂ ਉਜਾਗਰ ਕਰਨ ਵਾਲੇ ਇੱਕ 65 ਸਾਲਾ ਆਰਟੀਆਈ ਕਾਰਕੁਨ ਭਗਵੰਤ ਰਾਏ ਵਿਰੁੱਧ, ਸ਼ਹਿਰ ਦੇ ਕੁੱਝ ਕੋਲੋਨਾਈਜਰਾਂ ਦੇ ਦਬਾਅ ਹੇਠ ਦਰਜ ਕੀਤੇ ਬਲਾਤਕਾਰ ਦੇ ਝੂਠੇ ਕੇਸ,ਇੱਕ ਪੱਤਰਕਾਰ ਜਤਿੰਦਰ ਦੇਵਗਨ ਨੂੰ ਚੁਪ ਕਰਾਉਣ ਲਈ ਉਸ ਵਿਰੁੱਧ ਦਰਜ ਕੀਤੇ ਬਲਾਤਕਾਰ ਦੇ ਝੂਠੇ ਕੇਸ ਅਤੇ ਇਨਕਲਾਬੀ ਕੇਂਦਰ ਦੇ ਜਿਲ੍ਹਾ ਪ੍ਰਧਾਨ ਡਾਕਟਰ ਰਾਜਿੰਦਰ ਵਿਰੁੱਧ ਐਸਸੀ/ ਐਸਟੀ ਐਕਟ ਹੇਠ ਦਰਜ ਕੀਤੇ ਝੂਠੇ ਕੇਸ ਦਾ ਮਾਮਲਾ ਵੀ ਸਭਾ ਕੋਲ ਪਹੁੰਚਿਆ ਹੈ। ਸਭਾ ਨੇ ਇਨ੍ਹਾਂ ਸਾਰੇ ਕੇਸਾਂ ਦੀ ਹਕੀਕਤ ਜਾਣਨ ਲਈ ਤੱਥਾਂ ਦੀ ਖੋਜ ਕਰਨ ਦਾ ਫੈਸਲਾ ਕੀਤਾ ਹੈ।
Posted By SonyGoyal






