ਹਰੀਸ਼ ਗੋਇਲ, ਬਰਨਾਲਾ
ਬਰਨਾਲਾ : ਸਫ਼ਾਈ ਮਜ਼ਦੂਰ\ਸੀਵਰਮੈਨ ਯੂਨੀਅਨ ਰਜਿ. ਨਗਰ ਕੌਂਸਲ ਬਰਨਾਲਾ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਨਗਰ ਕੌਂਸਲ ਬਰਨਾਲਾ ਦੇ ਵਿਹੜੇ ‘ਚ ਸ਼ੁਰੂ ਕੀਤੀ ਭੁੱਖ ਹੜਤਾਲ ਮੰਗਲਵਾਰ ਨੂੰ ਦੂਜੇ ਦਿਨ ਵੀ ਜਾਰੀ ਰਹੀ।
ਦੂਜੇ ਦਿਨ ਸਫ਼ਾਈ ਸੇਵਕ ਜਵਾਲਾ ਤੇ ਹੈਪੀ ਭੁੱਖ ਹੜਤਾਲ ‘ਤੇ ਬੈਠੇ। ਇਸ ਮੌਕੇ ਸਫ਼ਾਈ ਕਾਮਿਆਂ ਵਲੋਂ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਕੌਂਸਲ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ ਗਈ।
ਗੱਲਬਾਤ ਕਰਦਿਆਂ ਯੂਨੀਅਨ ਦੇ ਪ੍ਰਧਾਨ ਸਤਪਾਲ ਰਿੰਕੂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕੱਚੇ ਸਫ਼ਾਈ ਕਾਮੇ ਸ਼ਹਿਰ ਦੀ ਸਫ਼ਾਈ ਦਾ ਕੰਮ ਬਾਖ਼ੂਬੀ ਕਰਦੇ ਆ ਰਹੇ ਹਨ।
ਪਿਛਲੇ 20 ਸਾਲਾਂ ‘ਚ ਕਈ ਪੱਕੇ ਸਫ਼ਾਈ ਸੇਵਕ ਰਿਟਾਇਰ ਹੋ ਚੁੱਕੇ ਹਨ, ਅਜੇ ਤਕ ਉਨ੍ਹਾਂ ਦੀ ਖਾਲੀ ਪਈ ਥਾਂ ਨੂੰ ਭਰਿਆ ਨਹੀਂ ਗਿਆ।
ਸਾਡੇ ਚਿਰਾਂ ਤੋਂ ਮੰਗ ਹੈ ਕਿ ਕੱਚੇ ਸਫ਼ਾਈ ਸੇਵਕਾਂ ਨੂੰ ਕੰਟਰੈਕਟ ਬੇਸ ‘ਤੇ ਕੀਤਾ ਜਾਵੇ, ਪਰ ਇਸ ਵੱਲ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਾ ਦੇ ਕੇ ਸਾਡਾ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਜਿਸ ਕਰਕੇ ਸਾਨੂੰ ਭੁੱਖ ਹੜਤਾਲ ‘ਤੇ ਬੈਠਣ ਲਈ ਮਜਬੂਰ ਹੋਣਾ ਪਿਆ।
ਉਨ੍ਹਾਂ ਕਿਹਾ ਕਿ ਬੀਤੇ ਅਗਸਤ ਮਹੀਨੇ ‘ਚ ਵੀ ਅਸੀਂ ਇਸ ਮੰਗ ਨੂੰ ਲੈ ਕੇ ਹੜਤਾਲ ਕੀਤੀ ਸੀ, ਜਿਸ ਸਮੇਂ ਡਿਪਟੀ ਕਮਿਸ਼ਨਰ ਬਰਨਾਲਾ, ਵਧੀਕ ਡਿਪਟੀ ਕਮਿਸ਼ਨਰ ਤੇ ਕਾਰਜਸਾਧਕ ਅਫ਼ਸਰ ਨਗਰ ਕੌਂਸਲ ਬਰਨਾਲਾ ਵਲੋਂ ਸਾਨੂੰ ਵਿਸ਼ਵਾਸ਼ ਦਵਾਇਆ ਗਿਆ ਸੀ ਕਿ ਤੁਹਾਡੀਆਂ ਮੰਗਾਂ 2 ਮਹੀਨਿਆਂ ‘ਚ ਪੂਰੀਆਂ ਕਰ ਨਿਯੁਕਤੀ ਪੱਤਰ ਦੇ ਦਿੱਤੇ ਜਾਣਗੇ, ਪਰ ਉਸ ਭਰੋਸੇ ਨੂੰ ਵੀ 5 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਤੇ ਅਜੇ ਤੱਕ ਸਾਡੀ ਮੰਗ ਨਹੀਂ ਮੰਨੀ ਗਈ।
ਯੂਨੀਅਨ ਦੇ ਪ੍ਰਧਾਨ ਸਤਪਾਲ ਰਿੰਕੂ ਨੇ ਅੱਗੇ ਕਿਹਾ ਕਿ ਸ਼ਹਿਰ ‘ਚ ਸਫ਼ਾਈ ਪ੍ਰਬੰਧਾਂ ਦਾ ਹਾਲ ਮਾੜ੍ਹਾ ਨਾ ਹੋਵੇ, ਇਸ ਲਈ ਅੱਜ ਅਸੀਂ ਕੁਝ ਕੁ ਸਫ਼ਾਈ ਸੇਵਕ ਹੀ ਭੁੱਖ ਹੜ੍ਹਤਾਲ ‘ਤੇ ਬੈਠੇ ਹਾਂ, ਪਰ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਤਿੱਖਾ ਸੰਘਰਸ਼ ਵਿੱਢਾਂਗੇ ਤੇ ਜੇਕਰ ਲੋੜ ਪਈ ਤਾਂ ਮੈਂ ਮਰਨ ਵਰਤ ‘ਤੇ ਵੀ ਬੈਠਾਂਗਾ।
ਇਸ ਮੌਕੇ ਦੀਪੂ, ਜਸਵੰਤ, ਮੁਕੇਸ਼ ਬਾਜਵਾ, ਸੀਨੀਅਰ ਮੀਤ ਪ੍ਰਧਾਨ ਮੂਰਤੀ ਦੇਵੀ, ਮੋਹਿਤ ਕੁਮਾਰ ਤੇ ਸੰਜੇ ਕੁਮਾਰ ਮੇਟ ਆਦਿ ਸਫ਼ਾਈ ਕਾਮੇ ਹਾਜ਼ਰ ਸਨ।
Posted By SonyGoyal






