ਅੰਮ੍ਰਿਤਸਰ,ਕ੍ਰਿਸ਼ਨ ਸਿੰਘ ਦੁਸਾਂਝ
ਪਹਿਲਵਾਨ ਐਨਥੋਨੀ ਤੇ ਬੰਟੀ ਪਹਿਲਵਾਨ ਨੇ ਅਰਬਲ ਦਾ ਕੀਤਾ ਫੁੱਲਾਂ ਦੀ ਵਰਖਾ ਨਾਲ ਸਵਾਗਤ
ਕਬੱਡੀ ਦੇ ਬੇਤਾਜ ਬਾਦਸ਼ਾਹ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਹਿਲਵਾਨ ਬਾਬਾ ਕੁਲਵੰਤ ਸਿੰਘ ਮੱਘਾ ਦਾ ਹੋਣਹਾਰ ਸਪੁੱਤਰ ਅਰਬਲ ਬੱਲਪੁਰੀਆ, ਜਿਸ ਨੇ ਹਾਲ ਹੀ ਵਿਚ ਵਰਲਡ ਚੈਪੀਅਨ 2023 ਨਿਊਜੀਲੈਂਡ ਵਿਚ ‘ਬੈਸਟ ਰੇਡਰ’ ਦਾ ਖਿਤਾਬ ਜਿੱਤ ਕੇ ਆਪਣੇ ਮਾਤਾ-ਪਿਤਾ, ਦੇਸ਼-ਕੌਮ ਅਤੇ ਪਿੰਡ ਦਾ ਨਾਮ ਪੂਰੀ ਦੁਨੀਆਂ ਵਿਚ ਰੋਸ਼ਨ ਕੀਤਾ ਹੈ।
ਪਹਿਲਵਾਨ ਅਰਬਲ ਬੱਲਪੁਰੀਆ ਦੇ ‘ਬੈਸਟ ਰੇਡਰ’ ਬਨਣ ਦੀ ਖੁਸ਼ੀ ਵਿਚ ਅੱਜ ਅਖਾੜਾ ਸ੍ਰੀ ਘਨਈਆ ਲਾਲ ਉਰਫ ਘਈਓ ਪਹਿਲਵਾਨ ਚਾਟੀਵਿੰਡ ਚੌਂਕ ਭਗਤਾਂਵਾਲਾ ਅੰਮ੍ਰਿਤਸਰ ਵਿੱਖੇ ਪਹਿਲਵਾਨ ਐਨਥੋਨੀ ਅਤੇ ਬੰਟੀ ਪਹਿਲਵਾਨ ਦੀ ਸਮੁੱਚੀ ਅਗਵਾਈ ਹੇਠ ਪਹਿਲਵਾਨ ਅਰਬਲ ਬੱਲਪੁਰੀਆ, ਪਹਿਲਵਾਨ ਬਾਬਾ ਕੁਲਵੰਤ ਸਿੰਘ ਮੱਘਾ, ਕਬੱਡੀ ਖਿਡਾਰੀਆਂ ਦੀ ਜਗਤ ਮਾਤਾ ਬੀਬੀ ਕਰਮਜੀਤ ਕੌਰ ਕੰਮੋ, ਗੁਰਪ੍ਰਤਾਪ ਕੌਰ ਅਤੇ ਪਹਿਲਵਾਨ ਪੰਥਜੀਤ ਬੱਲਪੁਰੀਆ ਦਾ ਇੱਥੇ ਪੁੱਜਣ ‘ਤੇ ਜਿੱਥੇ ਫੁੱਲਾ ਦੀ ਵਰਖਾ ਕਰਕੇ ਭਰਵਾਂ ਤੇ ਨਿੱਘਾ ਸਵਾਗਤ ਕੀਤਾ ਗਿਆ, ਉੱਥੇ ਹੀ ਅਖਾੜਾ ਸ੍ਰੀ ਘਨਈਆ ਲਾਲ ਉਰਫ ਘਈਓ ਪਹਿਲਵਾਨ ਵੱਲੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਹਿਲਵਾਨ ਅਰਬਲ ਬੱਲਪੁਰੀਆ ਨੂੰ ‘ਰੁਸ਼ਤਮੇ ਹਿੰਦ’ ਦਾ ਖਿਤਾਬ ਦੇ ਕੇ ਨਿਵਾਜ਼ਿਆ ਗਿਆ ਤੇ ਵਿਸ਼ੇਸ ਤੌਰ ‘ਤੇ ਗੁਰਜ਼ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪਹਿਲਵਾਨ ਐਨਥੋਨੀ ਅਤੇ ਬੰਟੀ ਪਹਿਲਵਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਦੱਸਿਆ ਕਿ ਜਿਸ ਤਰ੍ਹਾਂ ਕਬੱਡੀ ਖਿਡਾਰੀ ਪਹਿਲਵਾਨ ਅਰਬਲ ਬੱਲਪੁਰੀਆ ਕਬੱਡੀ ਖੇਡ ਖੇਤਰ ਵਿਚ ਮੱਲ੍ਹਾਂ ਮਾਰ ਕੇ ਪਹਿਲਵਾਨਾਂ ਅਤੇ ਪਰਿਵਾਰ ਦਾ ਨਾਮ ਰੋਸ਼ਨ ਕਰ ਰਿਹਾ ਹੈ, ਉਸ ਤੋਂ ਅੱਜ ਦੀ ਨੋਜ਼ਵਾਨ ਪੀੜ੍ਹੀ ਨੂੰ ਵੀ ਸੇਧ ਲੈਣੀ ਚਾਹੀਦੀ ਹੈ।
ਸਾਨੂੰ ਅਰਬਲ ਬੱਲਪੁਰੀਆ ‘ਤੇ ਬੇਹੱਦ ਮਾਣ ਹੈ ਕਿ ਉਸ ਨੇ ਵਰਲਡ ਚੈਪੀਅਨ 2023 ਨਿਊਜੀਲੈਂਡ ਦੀ ਧਰਤੀ ‘ਤੇ ‘ਬੈਸਟ ਰੇਡਰ’ ਦਾ ਖਿਤਾਬ ਜਿੱਤ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ।
ਇਸ ਮੌਕੇ ਪਹਿਲਵਾਨ ਬਾਬਾ ਕੁਲਵੰਤ ਸਿੰਘ ਮੱਘਾ ਅਤੇ ਬੀਬੀ ਕਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਅਰਬਲ ‘ਤੇ ਬਹੁਤ ਮਾਣ ਹੈ ਕਿ ਉਸ ਨੇ ਛੋਟੀ ਉਮਰ ਵਿਚ ਹੀ ਕਬੱਡੀ ਦੇ ਖੇਤਰ ਵਿਚ ਮੱਲ੍ਹਾਂ ਮਾਰ ਰਿਹਾ ਹੈ।
ਉਨ੍ਹਾਂ ਅਖੀਰ ਵਿਚ ਨੋਜ਼ਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆ ਦਾ ਤਿਆਗ ਕਰਕੇ ਖੇਡਾਂ ਵਾਲੇ ਪਾਸੇ ਲੱਗਣ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰਨ।
ਇਸ ਮੌਕੇ ਭੋਲੂ ਪਹਿਲਵਾਨ, ਸੇਮ ਪਹਿਲਵਾਨ, ਮੋਨੂੰ ਪਹਿਲਵਾਨ, ਪ੍ਰੇਮ ਕੁਮਾਰ ਖਲੀਫਾ, ਦੀਪਕ ਕੁਮਾਰ ਖਲੀਫਾ, ਮੈਡਮ ਰਿੰਤੂ, ਕੰਵਲਜੀਤ ਕੌਰ ਆਦਿ ਪਹਿਲਵਾਨ ਹਾਜ਼ਰ ਸਨ।
Posted By SonyGoyal






