ਸੋਨੀ ਗੋਇਲ ਹੱਕ ਸੱਚ ਦੀ ਬਾਣੀ
1 ਮਿੰਟ 25 ਸਕਿੰਟ ਵਿੱਚ ਦੋ ਅੰਕ ਵਾਲੇ ਗੁਣਾ ਦੇ 50 ਪ੍ਰਸ਼ਨ ਹੱਲ ਕਰਕੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਜ਼ ‘ਚ ਨਾਮ ਦਰਜ ਕਰਾਇਆ
ਬਰਨਾਲਾ, 23 ਅਪ੍ਰੈਲ ਬਰਨਾਲਾ ਦੀ ਧੀ ਜਿਨਲ ਮਿੱਤਲ (ਉਮਰ 14 ਸਾਲ) ਨੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਵਿੱਚ ਨਾਮ ਦਰਜ ਕਰਵਾਇਆ ਹੈ। ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਜਿਨਲ ਮਿੱਤਲ, ਮਾਪਿਆਂ ਅਤੇ ਅਧਿਆਪਕਾਂ ਨੂੰ ਉਸਦੀ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਅਤੇ ਜਿਨਲ ਮਿੱਤਲ ਦਾ ਸਨਮਾਨ ਕੀਤਾ। ਜਿਨਲ ਮਿੱਤਲ ਵਾਸੀ ਹੰਡਿਆਇਆ ਬਾਜ਼ਾਰ ਬਰਨਾਲਾ ਨੇ 50 ਦੋ ਅੰਕ ਵਾਲੇ ਗੁਣਾ ਦੇ ਪ੍ਰਸ਼ਨ ਸਿਰਫ 1 ਮਿੰਟ 25 ਸਕਿੰਟ ਵਿੱਚ ਹੱਲ ਕਰਕੇ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਮੌਕੇ ਜਿਨਲ ਮਿੱਤਲ ਨੇ ਕਿਹਾ ਕਿ ਉਸ ਦੀ ਮਿਹਨਤ ਲਗਾਤਾਰ ਜਾਰੀ ਹੈ ਅਤੇ ਉਹ ਹੁਣ ਗਿੰਨੀਜ਼ ਵਿਸ਼ਵ ਰਿਕਾਰਡ ਲਈ ਤਿਆਰੀ ਕਰ ਰਹੀ ਹੈ। ਡਿਪਟੀ ਕਮਿਸ਼ਨਰ ਨੇ ਜਿਨਲ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਅਤੇ ਜਿਨਲ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਓਹਨਾਂ ਕਿਹਾ ਕਿ ਸਾਡੇ ਜ਼ਿਲ੍ਹਾ ਬਰਨਾਲਾ ਦੇ ਬੱਚੇ ਵਿਦਿਅਕ ਖੇਤਰ ਵਿਚ ਮੱਲਾਂ ਮਾਰ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰ ਰਹੇ ਹਨ ਜੋ ਕਿ ਬੜੇ ਮਾਣ ਵਾਲੀ ਗੱਲ ਹੈ। ਇਸ ਮੌਕੇ ਜਿਨਲ ਦੇ ਪਿਤਾ ਸ੍ਰੀ ਅਭਿਨਵ ਮਿੱਤਲ, ਮਾਤਾ ਸ੍ਰੀਮਤੀ ਸੋਨੀਆ ਮਿੱਤਲ, ਦਾਦਾ ਰਾਮ ਰਤਨ ਮਿੱਤਲ, ਦਾਦੀ ਸ੍ਰੀਮਤੀ ਕਾਂਤਾ ਮਿੱਤਲ ਸਮੇਤ ਹੋਰ ਪਰਿਵਾਰਕ ਮੈਂਬਰ ਅਤੇ ਕੋਚਿੰਗ ਅਧਿਆਪਕ ਅਸ਼ੀਸ਼ ਸਿੰਗਲਾ, ਸ਼ਿਖਾ ਸਿੰਗਲਾ ਮੌਜੂਦ ਸਨ।






