ਬਰਨਾਲਾ ਜ਼ਿਲ੍ਹੇ ਦੇ ਕਿਸਾਨਾਂ ਲਈ ਵੱਖ-ਵੱਖ ਖੇਤੀ ਮਸ਼ੀਨਾਂ ‘ਤੇ ਸਰਕਾਰ ਵੱਲੋਂ ਵਿੱਤੀ ਸਹਾਇਤਾ
agrimachinerypb.com ਪੋਰਟਲ ਰਾਹੀਂ ਭਰੀਆਂ ਜਾ ਸਕਦੀਆਂ ਹਨ ਅਰਜ਼ੀਆਂ
ਪਰਾਲੀ ਪ੍ਰਬੰਧਨ, ਫ਼ਸਲੀ ਵਿਭਿੰਨਤਾ ਅਤੇ ਮਸ਼ੀਨੀਕਰਨ ਨੂੰ ਮਿਲੇਗਾ ਵੱਡਾ ਬਲ: ਡਾ. ਸੁਖਪਾਲ ਸਿੰਘ ਗਿੱਲ
ਬਰਨਾਲਾ, 23 ਅਪ੍ਰੈਲ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਰਨਾਲਾ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਆਧੁਨਿਕ ਖੇਤੀ ਨਾਲ ਜੋੜਨ, ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਪਰਾਲੀ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਸਕੀਮਾਂ ਤਹਿਤ ਸਬਸਿਡੀ ‘ਤੇ ਖੇਤੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਸੁਖਪਾਲ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨ, ਨਿੱਜੀ ਕਿਸਾਨ, ਕਸਟਮ ਹਾਈਰਿੰਗ ਸੈਂਟਰ ਅਤੇ ਪੰਚਾਇਤਾਂ, ਐਫ ਪੀ ਓ agrimachinerypb.com ਪੋਰਟਲ ਰਾਹੀਂ ਆਪਣੀਆਂ ਅਰਜ਼ੀਆਂ ਆਨਲਾਈਨ ਜਮ੍ਹਾਂ ਕਰਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਸਮੈਮ (SMAM) ਅਤੇ ਕ੍ਰਾਪ ਰੈਜ਼ਿਡਿਊ ਮੈਨੇਜਮੈਂਟ (CRM) ਸਕੀਮਾਂ ਹੇਠ ਪਰਾਲੀ ਪ੍ਰਬੰਧਨ ਲਈ ਸੁਪਰ ਐਸ.ਐਮ.ਐਸ., ਹੈਪੀ ਸੀਡਰ, ਸੁਪਰ ਸੀਡਰ, ਸਟ੍ਰਾ ਰੀਪਰ, ਜ਼ੀਰੋ ਟਿੱਲ ਡ੍ਰਿਲ, ਬੇਲਰ, ਰੇਕ, ਸਰਫੇਸ ਸੀਡਰ ਅਤੇ ਪੈਡੀ ਸਟਰਾਅ ਚੌਪਰ/ਸ਼ਰੇਡਰ ਆਦਿ ਮਸ਼ੀਨਾਂ ‘ਤੇ ਸਬਸਿਡੀ ਦਿੱਤੀ ਜਾਵੇਗੀ। ਇਨ੍ਹਾਂ ਸਕੀਮਾਂ ਅਧੀਨ ਵਿਅਕਤੀਗਤ ਕਿਸਾਨਾਂ ਦੇ ਨਾਲ-ਨਾਲ ਕਸਟਮ ਹਾਈਰਿੰਗ ਸੈਂਟਰਾਂ ਅਤੇ ਪੰਚਾਇਤਾਂ ਨੂੰ ਵੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ, ਤਾਂ ਜੋ ਪਰਾਲੀ ਨੂੰ ਸਾੜਨ ਦੀ ਥਾਂ ਸੰਭਾਲਿਆ ਜਾ ਸਕੇ। ਉਨ੍ਹਾਂ ਦੱਸਿਆ ਕਿ CRM ਸਕੀਮ ਅਪਲਾਈ ਕਰਨ ਦੀ 24 ਅਪ੍ਰੈਲ 2026 ਸ਼ਾਮ 5:00 ਵਜੇ ਤੱਕ ਜਾਰੀ ਰਹੇਗੀ।
ਇਸ ਤੋਂ ਇਲਾਵਾ ਸੀ.ਡੀ.ਪੀ. (CDP) ਸਕੀਮ ਹੇਠ ਫ਼ਸਲੀ ਵਿਭਿੰਨਤਾ ਲਈ ਨੂਮੈਟਿਕ ਪਲਾਂਟਰ, ਮੇਜ਼ ਸ਼ੈਲਰ, ਸ਼ੂਗਰਕੇਨ ਹਰਵੇਸਟਰ/ਪਲਾਂਟਰ, ਗਰਾਊਂਡਨਟ ਡਿੱਗਰ, ਕਾਟਨ ਪਲਾਂਟਰ ਅਤੇ ਮਲਟੀ ਕਰਾਪ ਥਰੈਸ਼ਰ ਆਦਿ ਮਸ਼ੀਨਾਂ ‘ਤੇ ਵੀ ਸਬਸਿਡੀ ਉਪਲਬਧ ਹੈ। ਇਸ ਦੇ ਨਾਲ ਹੀ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਲਈ ਡੀ.ਐਸ.ਆਰ (DSR) ਮਸ਼ੀਨ, ਪੈਡੀ ਟਰਾਂਸਪਲਾਂਟਰ, ਹਾਈ ਕਲੀਅਰੈਂਸ ਬੂਮ ਸਪਰੇਅਰ, ਨਰਸਰੀ ਸੀਡਰ ਅਤੇ ਪੀ.ਟੀ.ਓ. ਉਪਰੇਟਿਡ ਫਰਟੀਲਾਈਜ਼ਰ ਸਪਰੈਡਰ ਆਦਿ ਆਧੁਨਿਕ ਮਸ਼ੀਨਾਂ ਲਈ ਵੀ ਅਪਲਾਈ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਸਮੈਮ (SMAM) ਅਤੇ ਸੀ.ਡੀ.ਪੀ. (CDP) ਸਕੀਮ ਲਈ ਅਪਲਾਈ ਕਰਨ ਦੀ ਪ੍ਰਕਿਰਿਆ 01 ਅਪ੍ਰੈਲ 2026 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 12 ਮਈ 2026 ਸ਼ਾਮ 5:00 ਵਜੇ ਤੱਕ ਜਾਰੀ ਰਹੇਗੀ।
ਡਾ. ਗਿੱਲ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ, ਤਾਂ ਜੋ ਖੇਤੀ ਲਾਗਤਾਂ ਵਿੱਚ ਕਮੀ ਲਿਆਂਦੀ ਜਾ ਸਕੇ, ਲੇਬਰ ਦੀ ਬਚਤ ਹੋਵੇ ਅਤੇ ਪਾਣੀ ਦੀ ਸੰਭਾਲ ਕਰਕੇ ਵਾਤਾਵਰਣ ਦੀ ਰੱਖਿਆ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਮਸ਼ੀਨੀਕਰਨ ਨਾਲ ਖੇਤੀ ਹੋਰ ਲਾਭਕਾਰੀ ਬਣਦੀ ਹੈ ਅਤੇ ਸਮੇਂ ਦੀ ਵੀ ਬਚਤ ਹੁੰਦੀ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜੇਕਰ ਕਿਸੇ ਕਿਸਾਨ ਨੂੰ ਆਨਲਾਈਨ ਅਰਜ਼ੀ ਭਰਨ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਆਪਣੇ ਸਬੰਧਤ ਬਲਾਕ ਖੇਤੀਬਾੜੀ ਦਫ਼ਤਰ ਜਾਂ ਬਰਨਾਲਾ ਸਥਿਤ ਖੇਤੀਬਾੜੀ ਇੰਜੀਨੀਅਰਿੰਗ ਸ਼ਾਖਾ ਨਾਲ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਇਹ ਸਕੀਮਾਂ ਕਿਸਾਨਾਂ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜਦੀਆਂ ਹਨ, ਜਿਸ ਨਾਲ ਖੇਤੀ ਕਰਨੀ ਸੌਖੀ ਹੁੰਦੀ ਹੈ, ਖਰਚਾ ਘੱਟ ਹੁੰਦਾ ਹੈ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ, ਨਾਲ ਹੀ ਪਰਾਲੀ ਸਾੜਨ ਦੀ ਸਮੱਸਿਆ ਦਾ ਟਿਕਾਊ ਹੱਲ ਵੀ ਸੰਭਵ ਬਣਦਾ ਹੈ।






