ਸੋਨੀ ਗੋਇਲ ਹੱਕ ਸੱਚ ਦੀ ਬਾਣੀ

ਬਰਨਾਲਾ 29 ਮਈ  Punjab MC Elections Result: ਪੰਜਾਬ ਵਿੱਚ ਨਗਰ ਨਿਗਮ ਤੇ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਚੋਣ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ 7,554 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸ਼ਹਿਰੀ ਵੋਟਰਾਂ ਦਾ ਰਾਜਸੀ ਰੌਂਅ ਸਾਹਮਣੇ ਆਵੇਗਾ। ਵੋਟਾਂ ਦੀ ਗਿਣਤੀ ਤੋਂ ਪਹਿਲਾਂ ਚੋਣ ਪਿੜ ’ਚ ਕੁੱਦੇ ਉਮੀਦਵਾਰਾਂ ਦੀਆਂ ਧੜਕਣਾਂ ਤੇਜ਼ ਹਨ। ਸਾਰੀਆਂ ਸਿਆਸੀ ਧਿਰਾਂ ਨੇ ਆਪੋ ਆਪਣੇ ਗਿਣਤੀ ਏਜੰਟ ਲਾਏ ਹਨ। ਚੋਣ ਕਮਿਸ਼ਨ ਵੱਲੋਂ ਪੰਜਾਬ ਦੇ 23 ਜ਼ਿਲ੍ਹਿਆਂ ’ਚ ਕੁੱਲ 115 ਗਿਣਤੀ ਕੇਂਦਰ ਬਣਾਏ ਗਏ ਹਨ, ਜਿਨ੍ਹਾਂ ਦੇ ਬਾਹਰ ਬਹੁਪਰਤੀ ਸੁਰੱਖਿਆ ਲਾਈ ਹੋਈਹੈ। ਚੋਣ ਪ੍ਰਕਿਰਿਆ ਦੌਰਾਨ ਕਰੀਬ 80 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣੇ ਗਏ ਹਨ। ਸੂਬੇ ’ਚ ਅੱਠ ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਲਈ 26 ਮਈ ਨੂੰ ਵੋਟਾਂ ਪਈਆਂ ਸਨ। ਵੇਰਵਿਆਂ ਅਨੁਸਾਰ ਅੱਠ ਨਗਰ ਨਿਗਮਾਂ ਲਈ 1,613 ਉਮੀਦਵਾਰਾਂ, 75 ਨਗਰ ਕੌਂਸਲਾਂ ਲਈ 5,141 ਅਤੇ 19 ਨਗਰ ਪੰਚਾਇਤਾਂ ਲਈ ਖੜ੍ਹੇ 800 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫ਼ੈਸਲਾ ਹੋਵੇਗਾ। ਪੰਜਾਬ ਭਰ ’ਚ ਅੱਜ 1,897 ਵਾਰਡਾਂ ਨੂੰ ਨਵੇਂ ਕੌਂਸਲਰ ਮਿਲਣਗੇ।‘ਆਪ’ ਕਾਰਜਕਾਲ ਦੌਰਾਨ ਇਸ ਤੋਂ ਪਹਿਲਾਂ ਪੰਜ ਨਗਰ ਨਿਗਮਾਂ ਅਤੇ 41 ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀਆਂ ਵੋਟਾਂ ਦਸੰਬਰ 2024 ’ਚ ਵੀ ਪਈਆਂ ਸਨ। ਐਤਕੀਂ ਸ਼ਹਿਰੀ ਸੰਸਥਾਵਾਂ ਲਈ ਕੁੱਲ 22,38,241 ਵੋਟਰਾਂ ਨੇ 26 ਮਈ ਨੂੰ ਆਪਣੇ ਸਿਆਸੀ ਹੱਕ ਦਾ ਇਸਤੇਮਾਲ ਕੀਤਾ ਸੀ ਜਿਨ੍ਹਾਂ ਦੀ ਪੋਲਿੰਗ ਦਰ ਕਰੀਬ 64 ਫ਼ੀਸਦੀ ਬਣਦੀ ਹੈ। ਬਰਨਾਲਾ ਨਗਰ ਨਿਗਮ ਦੀ ਇਹ ਪਹਿਲੀ ਚੋਣ ਹੈ ਅਤੇ ਬਰਨਾਲਾ ਦੇ 50 ਵਾਰਡਾਂ ਨੂੰ ਪਹਿਲੀ ਵਾਰ ਨਿਗਮ ਦੇ ਕੌਂਸਲਰ ਮਿਲਣਗੇ। ਨਗਰ ਨਿਗਮ ਬਰਨਾਲਾ ਲਈ ਵੋਟਾਂ ਦੀ ਗਿਣਤੀ 8 ਵਜੇ ਸ਼ੁਰੂ ਹੋ ਗਈ ਹੈ। ਬਰਨਾਲਾ ਦੇ 50 ਵਾਰਡਾਂ ਦੀ ਕੁੱਲ 84858 ਵੋਟਾਂ ਵਿੱਚੋਂ 53890 ਵੋਟਾਂ ਪੋਲ ਹੋਈਆਂ ਹਨ। ਸ਼ਹਿਰ ਦੇ ਪੰਜਾਬ ਵਾਰਡਾਂ ਵਿੱਚੋਂ 48 ਵਾਰਡਾਂ ਉੱਪਰ ਇਹ ਚੋਣ ਹੋਈ ਹੈ ਜਦ ਕਿ ਦੋ ਵਾਰਡਾਂ ਉੱਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾਂ ਵਿਰੋਧ ਤੋਂ ਚੁਣੇ ਗਏ ਹਨ। ਵੋਟਾਂ ਦੀ ਗਿਣਤੀ ਗਿਣਤੀ ਕੇਂਦਰ ਸਥਾਨਕ ਐਸਡੀ ਕਾਲਜ ਬਰਨਾਲਾ ਵਿਖੇ ਹੋ ਰਹੀ ਹੈ। ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਹੈ।- ਲਖਵੀਰ ਚੀਮਾ

Leave a Reply

Your email address will not be published. Required fields are marked *

You missed