ਸੋਨੀ ਗੋਇਲ ਹੱਕ ਸੱਚ ਦੀ ਬਾਣੀ
16 ਤੋਂ 30 ਨਵੰਬਰ 2026 ਤੱਕ ਹੋਵੇਗੀ ਸਵੈ ਗਣਨਾ, ਪਹਿਲੀ ਦਸੰਬਰ 2026 ਤੋਂ 4 ਜਨਵਰੀ 2027 ਤਕ ਘਰ – ਘਰ ਜਾਣਗੇ ਗਿਣਤੀਕਾਰ
ਬਰਨਾਲਾ, 7 ਸਤੰਬਰ ਡਿਪਟੀ ਕਮਿਸ਼ਨਰ ਕਮ ਪ੍ਰਮੁੱਖ ਜਨਗਣਨਾ ਅਫ਼ਸਰ ਹਰਪ੍ਰੀਤ ਸਿੰਘ ਆਈਏਐੱਸ ਵਲੋਂ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਜਨਗਣਨਾ 2027 ਦੇ ਦੂਜੇ ਪੜਾਅ ਦੀਆਂ ਤਿਆਰੀਆਂ ਲਈ ਅਹਿਮ ਮੀਟਿੰਗ ਕੀਤੀ ਗਈ। ਇਸ ਮੌਕੇ ਉਹਨਾਂ ਸਮੂਹ ਚਾਰਜ ਅਫ਼ਸਰਾਂ ਅਤੇ ਓਹਨਾਂ ਦੇ ਸਟਾਫ਼ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਜਨਗਣਨਾ ਦੇ ਦੂਜੇ ਪੜਾਅ ਤਹਿਤ ਸਵੈ ਗਣਨਾ 16 ਨਵੰਬਰ ਤੋਂ 30 ਨਵੰਬਰ 2026 ਤਕ ਹੋਵੇਗੀ। ਇਸ ਮਗਰੋਂ ਆਬਾਦੀ ਦੀ ਗਿਣਤੀ ਲਈ ਗਿਣਤੀਕਾਰ 1 ਦਸੰਬਰ 2026 ਤੋਂ 4 ਜਨਵਰੀ 2027 ਤਕ ਘਰ ਘਰ ਜਾਣਗੇ। 5 ਜਨਵਰੀ ਤੋਂ 9 ਜਨਵਰੀ 2027 ਤਕ ਰਵੀਜ਼ਨਲ ਰਾਊਂਡ ਹੋਵੇਗਾ।
ਓਹਨਾਂ ਦੱਸਿਆ ਕਿ ਦੂਜੇ ਪੜਾਅ ਤਹਿਤ 40 ਪ੍ਰਸ਼ਨ ਪੁੱਛੇ ਜਾਣਗੇ ਜਿਨਾ ਵਿਚ ਵਿਅਕਤੀ ਦਾ ਨਾਮ, ਉਮਰ, ਪਤੀ/ਪਤਨੀ ਦਾ ਨਾਮ, ਕਿੱਤਾ, ਮੋਬਾਈਲ ਨੰਬਰ, ਆਧਾਰ ਨੰਬਰ ਸਮੇਤ ਹੋਰ ਸਵਾਲ ਸ਼ਾਮਲ ਹੋਣਗੇ। ਡਿਪਟੀ ਕਮਿਸ਼ਨਰ ਨੇ ਸਮੂਹ ਜਨਗਣਨਾ/ ਚਾਰਜ ਅਫ਼ਸਰਾਂ ਨੂੰ ਦੂਜੇ ਪੜਾਅ ਦੀਆਂ ਆਗਾਮੀ ਤਿਆਰੀਆਂ ਸ਼ੁਰੂ ਕਰਨ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਕਿਹਾ ਤਾਂ ਜੋ ਜ਼ਿਲ੍ਹਾ ਬਰਨਾਲਾ ਵਿੱਚ ਦੂਜੇ ਪੜਾਅ ਨੂੰ ਪਹਿਲੇ ਪੜਾਅ ਵਾਂਗ ਮੋਹਰੀ ਰਹਿੰਦਿਆਂ ਨੇਪਰੇ ਚਾੜਿਆ ਜਾ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਵਿਵੇਕ ਮੋਦੀ, ਐੱਸ ਡੀ ਐਮ ਬਰਨਾਲਾ ਅਜੀਤਪਾਲ ਸਿੰਘ ਚਹਿਲ, ਐੱਸ ਡੀ ਐਮ ਤਪਾ ਆਯੂਸ਼ ਗੋਇਲ, ਐੱਸ ਡੀ ਐਮ ਮਹਿਲ ਕਲਾਂ ਬੇਅੰਤ ਸਿੰਘ ਸਿੱਧੂ, ਖੋਜ ਅਫ਼ਸਰ ਚਰਨਜੀਤ ਕੌਰ, ਜਨਗਣਨਾ ਸੈੱਲ ਇੰਚਾਰਜ ਹਰਜੀਤ ਸਿੰਘ ਤੇ ਹੋਰ ਅਧਿਕਾਰੀ/ ਕਰਮਚਾਰੀ ਹਾਜ਼ਰ ਸਨ।






