ਸੋਨੀ ਗੋਇਲ ਬਰਨਾਲਾ
ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਨਸਲ ਸੁਧਾਰ ਅਤੇ ਸਾਂਭ-ਸੰਭਾਲ ਬਾਰੇ ਕੀਤਾ ਗਿਆ ਜਾਗਰੂਕ; 41 ਕੱਟੀਆਂ ਦੇ ਕਰਵਾਏ ਮੁਕਾਬਲੇ
ਬਰਨਾਲਾ, 14 ਨਵੰਬਰ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਮਾਨਯੋਗ ਡਾਇਰੈਕਟਰ ਡਾ. ਪਰਮਦੀਪ ਸਿੰਘ ਵਾਲੀਆ ਦੇ ਹੁਕਮਾਂ ਤਹਿਤ ਪਸ਼ੂਆਂ ਦੀ ਨਸਲ ਸੁਧਾਰ ਸਬੰਧੀ ਪਸ਼ੂ ਪਾਲਕਾਂ ਨੂੰ ਜਾਗਰੂਕ ਕਰਨ ਲਈ ਸਿਵਲ ਪਸ਼ੂ ਹਸਪਤਾਲ ਕੱਟੂ ਵਿਖੇ ਮੁਰਹਾ ਪੀ.ਟੀ. ਸਕੀਮ ਅਧੀਨ ਇੱਕ ਵਿਸ਼ੇਸ਼ ‘ਕਾਫ਼ ਰੈਲੀ’ ਕਰਵਾਈ ਗਈ। ਇਹ ਰੈਲੀ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਬਰਨਾਲਾ ਡਾ. ਕਰਮਜੀਤ ਸਿੰਘ ਅਤੇ ਕੋ-ਆਰਡੀਨੇਟਰ ਮੁਰਹਾ ਪੀ.ਟੀ. ਪ੍ਰੋਜੈਕਟ ਪੰਜਾਬ ਡਾ. ਗਗਨ ਬਜਾਜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਕੋ-ਆਰਡੀਨੇਟਰ ਪੀ.ਟੀ. ਮੁਰਹਾ (RGM) ਸਕੀਮ ਬਰਨਾਲਾ ਡਾ. ਸੁਖਹਰਮਨਦੀਪ ਸਿੰਘ ਦੀ ਦੇਖ-ਰੇਖ ਹੇਠ ਨੇਪਰੇ ਚੜ੍ਹੀ। ਇਸ ਕਾਫ਼ ਰੈਲੀ ਦੌਰਾਨ ਇਲਾਕੇ ਦੇ ਪਸ਼ੂ ਪਾਲਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਮੁਕਾਬਲੇ ਵਿੱਚ ਸਰਕਾਰੀ ਸੀਮਨ ਤੋਂ ਪੈਦਾ ਹੋਈਆਂ ਕੁੱਲ 41 ਕੱਟੀਆਂ ਨੇ ਭਾਗ ਲਿਆ। ਮੁਕਾਬਲੇ ਦੀ ਜੱਜਮੈਂਟ ਦੀ ਅਹਿਮ ਭੂਮਿਕਾ ਡਾ. ਗਗਨਜੋਤ ਸਿੰਘ (ਵੈਟਰਨਰੀ ਅਫ਼ਸਰ, ਬਰਨਾਲਾ), ਡਾ. ਨਿਤੀਸ਼ ਗੋਇਲ (ਵੈਟਰਨਰੀ ਅਫ਼ਸਰ, ਕੈਰੇ) ਅਤੇ ਡਾ. ਅਸ਼ੋਕ ਕਾਂਸਲ (ਵੈਟਰਨਰੀ ਅਫ਼ਸਰ, ਠੀਕਰੀਵਾਲ) ਵੱਲੋਂ ਸਾਂਝੇ ਤੌਰ ‘ਤੇ ਨਿਭਾਈ ਗਈ। ਮੁਕਾਬਲੇ ਵਿੱਚ ਸਰਦਾਰ ਸਰਬਜੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਕੱਟੂ ਦੀ ਕੱਟੀ ਨੇ ਪਹਿਲਾਂ, ਸੁਖਚੈਨ ਸਿੰਘ ਪੁੱਤਰ ਮਹਿੰਦਰ ਸਿੰਘ ਕੱਟੂ ਦੀ ਕੱਟੀ ਨੇ ਦੂਸਰਾ ਅਤੇ ਸੁਖਦੇਵ ਸਿੰਘ ਪੁੱਤਰ ਮਹਿੰਦਰ ਸਿੰਘ ਕੱਟੂ ਦੀ ਕੱਟੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪਹੁੰਚੇ ਪਸ਼ੂ ਪਾਲਕਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕੋ-ਆਰਡੀਨੇਟਰ ਡਾ. ਸੁਖਹਰਮਨਦੀਪ ਸਿੰਘ ਨੇ ਪਸ਼ੂਆਂ ਦੀ ਨਸਲ ਸੁਧਾਰ ਦੀ ਮਹੱਤਤਾ ਅਤੇ ਪ੍ਰੋਜੈਕਟ ਵੱਲੋਂ ਪਸ਼ੂ ਪਾਲਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸੀਨੀਅਰ ਵੈਟਰਨਰੀ ਅਫ਼ਸਰ ਡਾ. ਮੁਹੰਮਦ ਸਲੀਮ ਨੇ ਪਸ਼ੂਆਂ ਨੂੰ ਹੋਣ ਵਾਲੀਆਂ ਮੁੱਖ ਬਿਮਾਰੀਆਂ, ਉਨ੍ਹਾਂ ਦੇ ਸਹੀ ਰੱਖ-ਰਖਾਵ ਅਤੇ ਬਿਮਾਰੀਆਂ ਦੇ ਘਰੇਲੂ ਉਪਚਾਰ ਸਬੰਧੀ ਪਸ਼ੂ ਪਾਲਕਾਂ ਨਾਲ ਅਹਿਮ ਵਿਚਾਰ ਸਾਂਝੇ ਕੀਤੇ।
ਇਸ ਪੂਰੀ ਕਾਫ਼ ਰੈਲੀ ਦਾ ਪ੍ਰਬੰਧ ਸਿਵਲ ਪਸ਼ੂ ਹਸਪਤਾਲ ਕੱਟੂ ਦੇ ਵੈਟਰਨਰੀ ਅਫ਼ਸਰ ਡਾ. ਮਲਕੀਤ ਸਿੰਘ ਵੱਲੋਂ ਬੜੇ ਸੁਚੱਜੇ ਢੰਗ ਨਾਲ ਕੀਤਾ ਗਿਆ। ਮੁਰਹਾ ਪੀ.ਟੀ. ਸਕੀਮ ਤਹਿਤ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਡਾ. ਮਲਕੀਤ ਸਿੰਘ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਪਿੰਡ ਦੇ ਸਰਪੰਚ ਬਲਜੀਤ ਕੌਰ, ਪੰਚਾਇਤ ਮੈਂਬਰ ਦਰਸ਼ਨ ਸਿੰਘ, ਅਜੀਤ ਸਿੰਘ ਗਿੱਲ, ਅਮਨਦੀਪ ਸਿੰਘ, ਕਾਲਾ ਕੱਟੂ ਤੋਂ ਇਲਾਵਾ ਮਿਲਕ ਰਿਕਾਰਡਰ ਮਨਜੀਤ ਸਿੰਘ ਤੇ ਪਰਮਿੰਦਰ ਸ਼ਰਮਾ ਅਤੇ ਪੀ.ਟੀ. ਸਟਾਫ਼ ਬਰਨਾਲਾ ਵੱਲੋਂ ਸੁਪਰਵਾਈਜ਼ਰ ਸਤਨਾਮ ਸਿੰਘ ਅਤੇ ਮਿਲਕ ਟੈਸਟਰ ਕਮਲਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਸ਼ੂ ਪਾਲਕ ਹਾਜ਼ਰ ਸਨ।






