ਸੋਨੀ ਗੋਇਲ ਹੱਕ ਸੱਚ ਦੀ ਬਾਣੀ
ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਜਾਂਚ ਤੇਜ਼, ਟੀਮਾਂ ਵੱਲੋਂ ਡੂੰਘਾਈ ਨਾਲ ਤਫਤੀਸ਼ ਜਾਰੀ
ਖੰਨਾ, (ਲੁਧਿਆਣਾ) 22 ਅਪ੍ਰੈਲ:
ਖੰਨਾ ਪੁਲਿਸ ਨੇ ਗੈਂਗਸਟਰਾਂ ‘ਤੇ ਵਾਰ ਮੁਹਿੰਮ ਤਹਿਤ ਪਾਇਲ ਅਨਾਜ ਮੰਡੀ ਫਾਇਰਿੰਗ ਕੇਸ ਵਿੱਚ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੁਹੰਮਦ ਸ਼ਫੀਕ ਵਾਸੀ ਪੱਦੀ, ਤਹਿਸੀਲ ਡੇਹਲੋਂ, ਜ਼ਿਲ੍ਹਾ ਲੁਧਿਆਣਾ, ਉਮਰ ਰਫੀ ਵਾਸੀ ਪੱਦੀ, ਤਹਿਸੀਲ ਡੇਹਲੋਂ, ਜ਼ਿਲ੍ਹਾ ਲੁਧਿਆਣਾ ਅਤੇ ਸ਼ਰੀਫ ਅਲੀ ਵਾਸੀ ਪਿੰਡ ਬਾਂਦੇਵਾਲਾ, ਜ਼ਿਲ੍ਹਾ ਰੋਪੜ ਵਜੋਂ ਹੋਈ ਹੈ। ਪੁਲਿਸ ਮੁਤਾਬਕ ਸ਼ਰੀਫ ਅਲੀ ਖਿਲਾਫ ਪਹਿਲਾਂ ਹੀ ਚਾਰ ਅਪਰਾਧਿਕ ਮਾਮਲੇ ਦਰਜ ਹਨ, ਜਦਕਿ ਮੁਹੰਮਦ ਸ਼ਫੀਕ ‘ਤੇ ਕਤਲ ਦਾ ਮਾਮਲਾ ਦਰਜ ਹੈ ਅਤੇ ਉਹ ਇਸ ਮਾਮਲੇ ਵਿੱਚ ਸਜ਼ਾ ਕੱਟ ਰਿਹਾ ਹੈ। ਉਹ ਪੈਰੋਲ ‘ਤੇ ਬਾਹਰ ਆਇਆ ਹੋਇਆ ਸੀ।
ਇਸ ਕਾਰਵਾਈ ਨੂੰ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਸਖਤ ਅਤੇ ਪ੍ਰਭਾਵਸ਼ਾਲੀ ਅਗਵਾਈ ਦਾ ਨਤੀਜਾ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੀ ਅਗਵਾਈ ਹੇਠ ਖੰਨਾ ਪੁਲਿਸ ਲਗਾਤਾਰ ਗੈਂਗਸਟਰਾਂ ‘ਤੇ ਸ਼ਿਕੰਜਾ ਕੱਸ ਰਹੀ ਹੈ। ਐਸ.ਪੀ (ਡੀ) ਪਵਨਜੀਤ ਸਿੰਘ ਅਤੇ ਡੀ.ਐਸ.ਪੀ (ਡੀ) ਮੋਹਿਤ ਕੁਮਾਰ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੀ.ਆਈ.ਏ. ਸਟਾਫ, ਥਾਣਾ ਪਾਇਲ, ਦੋਰਾਹਾ ਪੁਲਿਸ ਅਤੇ ਨਾਰਕੋਟਿਕਸ ਸੈੱਲ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ‘ਤੇ ਇਹ ਆਪਰੇਸ਼ਨ ਚਲਾ ਰਹੀਆਂ ਹਨ।
ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਅਤੇ ਗ੍ਰਿਫਤਾਰ ਮੁਲਜ਼ਮਾਂ ਤੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਦੌਰਾਨ ਕਈ ਅਹਿਮ ਸੁਰਾਗ ਮਿਲੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡੇ ਖੁਲਾਸਿਆਂ ਦੀ ਸੰਭਾਵਨਾ ਹੈ। ਪੁਲਿਸ ਮੁਤਾਬਕ ਇਸ ਗਿਰੋਹ ਦੇ ਤਾਰ ਹੋਰ ਰਾਜਾਂ ਅਤੇ ਵਿਦੇਸ਼ਾਂ ਤੱਕ ਜੁੜੇ ਹਨ। ਪਾਇਲ ਫਾਇਰਿੰਗ ਮਾਮਲੇ ਵਿੱਚ ਇਨ੍ਹਾਂ ਤਿੰਨਾਂ ਮੁਲਜ਼ਮਾਂ ਨੇ ਦੂਜੇ ਦੋਸ਼ੀਆਂ ਦਾ ਸਾਥ ਦਿੱਤਾ ਸੀ। ਅੱਜ ਇਹਨਾਂ ਤਿੰਨਾਂ ਨੂੰ ਸਥਾਨਕ ਅਦਾਲਤ ‘ਚ ਪੇਸ਼ ਕਰਕੇ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।
ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਖੰਨਾ ਪੁਲਿਸ ਅਪਰਾਧ ਦੇ ਖਿਲਾਫ ਜ਼ੀਰੋ ਟੋਲਰੈਂਸ ਨੀਤੀ ‘ਤੇ ਕੰਮ ਕਰ ਰਹੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਟੀਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲਗਾਤਾਰ ਮਿਹਨਤ ਅਤੇ ਸੂਝਬੂਝ ਨਾਲ ਇਹ ਵੱਡੀ ਕਾਮਯਾਬੀ ਮਿਲੀ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਪੁਲਿਸ ਨੂੰ ਜਾਣਕਾਰੀ ਦੇਣ, ਤਾਂ ਜੋ ਸਮੇਂ ‘ਤੇ ਕਾਰਵਾਈ ਕੀਤੀ ਜਾ ਸਕੇ। ਉਥੇ ਹੀ ਦੂਜੇ ਪਾਸੇ, ਖੰਨਾ ਪੁਲਿਸ ਦੀ ਇਸ ਕਾਰਵਾਈ ਨਾਲ ਇਲਾਕੇ ਵਿੱਚ ਸੁਰੱਖਿਆ ਦਾ ਮਾਹੌਲ ਮਜ਼ਬੂਤ ਹੋਇਆ ਹੈ ਅਤੇ ਲੋਕਾਂ ਦਾ ਪੁਲਿਸ ‘ਤੇ ਭਰੋਸਾ ਹੋਰ ਵਧਿਆ ਹੈ।
ਵਰਨਣਯੋਗ ਹੈ ਕਿ 14 ਅਪ੍ਰੈਲ 2026 ਨੂੰ ਪਾਇਲ ਦੀ ਦਾਣਾ ਮੰਡੀ ਵਿੱਚ ਇੱਕ ਆੜਤੀ ਦੀ ਦੁਕਾਨ ‘ਤੇ ਅਣਪਛਾਤੇ ਹਮਲਾਵਰਾਂ ਵੱਲੋਂ ਫਾਇਰਿੰਗ ਕਰਕੇ ਦਹਿਸ਼ਤ ਫੈਲਾ ਦਿੱਤੀ ਗਈ ਸੀ। ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰਕੇ ਖਾਸ ਟੀਮਾਂ ਬਣਾਈਆਂ। ਜਾਂਚ ਦੌਰਾਨ ਉਮੇਸ਼ ਕੁਮਾਰ ਉਰਫ ਛਾਗਾ ਨੂੰ ਕਾਬੂ ਕੀਤਾ ਗਿਆ, ਜਿਸ ਨੇ ਆਪਣੇ ਸਾਥੀ ਗੌਰਵ ਉਰਫ ਗੋਲਾ ਨਾਲ ਮਿਲ ਕੇ ਵਾਰਦਾਤ ਕਰਨ ਦੀ ਗੱਲ ਕਬੂਲੀ। ਜਾਂਚ ਵਿੱਚ ਸਾਹਮਣੇ ਆਇਆ ਕਿ ਇਸ ਗਿਰੋਹ ਨੂੰ ਵਿਦੇਸ਼ ਵਿੱਚ ਬੈਠੇ ਸ਼ਗਨਪ੍ਰੀਤ ਸਿੰਘ ਅਤੇ ਉਸਦਾ ਭਰਾ ਜਗਪ੍ਰੀਤ ਸਿੰਘ ਚਲਾ ਰਹੇ ਸਨ। ਗੈਂਗਸਟਰ ਡੋਨੀ ਬੱਲ ਤੋਂ ਫੋਨ ਕਰਵਾ ਕੇ ਧਮਕੀਆਂ ਦਿੱਤੀਆਂ ਜਾਂਦੀਆਂ ਸਨ ਅਤੇ ਫਿਰੌਤੀ ਮੰਗੀ ਜਾਂਦੀ ਸੀ। ਇਸ ਕੇਸ ਵਿੱਚ ਪੁਲਿਸ ਸ਼ਗਨਪ੍ਰੀਤ ਸਿੰਘ ਦੇ ਪਿਤਾ ਸੌਦਾਗਰ ਸਿੰਘ ਸਰਾਓ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਵਾਰਦਾਤ ਤੋਂ ਪਹਿਲਾਂ ਮੁਲਜ਼ਮਾਂ ਵੱਲੋਂ ਰੇਕੀ ਕਰਕੇ ਯੋਜਨਾ ਬਣਾਈ ਗਈ ਸੀ।






