ਸੋਨੀ ਗੋਇਲ ਹੱਕ ਸੱਚ ਦੀ ਬਾਣੀ

ਢਿਲਵਾਂ ਤੋਂ ਸ਼ੁਰੂ ਹੋਇਆ ਬਡਬਰ ਚ ਫਿਲਮੀ ਮੁਕਾਬਲਾ ਕਰਿੰਦੇ ਨੇ ਹਥੌੜਿਆਂ ਦਾ ਜਵਾਬ ਬੋਤਲਾਂ ਨਾਲ ਦਿੱਤਾ

ਬਰਨਾਲਾ 12 ਅਪ੍ਰੈਲ: ਬਰਨਾਲਾ ਜ਼ਿਲ੍ਹੇ ਚ ਅਪਰਾਧੀਆਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਉਹ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਬੀਤੀ ਰਾਤ ਇਕ ਮੋਟਰਸਾਈਕਲ ਤੇ ਸਵਾਰ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਇਕ ਤੋਂ ਬਾਅਦ ਇਕ ਸ਼ਰਾਬ ਦੇ ਚਾਰ ਠੇਕਿਆਂ ਨੂੰ ਨਿਸ਼ਾਨਾ ਬਣਾ ਕੇ ਪੂਰੇ ਜ਼ਿਲ੍ਹੇ ਚ ਦਹਿਸ਼ਤ ਫੈਲਾ ਦਿੱਤੀ। ਹਾਲਾਂਕਿ ਠੇਕਿਆਂ ਤੇ ਤਾਇਨਾਤ ਕਰਿੰਦਿਆਂ ਦੀ ਬਹਾਦਰੀ ਸਦਕਾ ਲੁਟੇਰੇ ਵੱਡੀ ਵਾਰਦਾਤ ਕਰਨ ਚ ਅਸਫ਼ਲ ਰਹੇ। ਪਰ ਫਿਰ ਵੀ ਹਜ਼ਾਰਾਂ ਦੀ ਨਕਦੀ ਲੁੱਟ ਕੇ ਫ਼ਰਾਰ ਹੋਣ ਚ ਕਾਮਯਾਬ ਹੋ ਗਏ। ਲੁੱਟ ਮਾਰ ਦਾ ਇਹ ਸਿਲਸਿਲਾ ਰਾਤ ਕਰੀਬ ਸਾਢੇ ਅੱਠ ਵਜੇ ਸ਼ੁਰੂ ਹੋਇਆ। ਠੇਕੇਦਾਰ ਸਚਿਨ ਸੂਦ ਅਨੁਸਾਰ ਤਿੰਨ ਨਕਾਬਪੋਸ਼ ਨੌਜਵਾਨ ਲੁਟੇਰੇ ਸਭ ਤੋਂ ਪਹਿਲਾਂ ਢਿਲਵਾਂ ਸਥਿਤ ਸ਼ਰਾਬ ਦੇ ਠੇਕੇ ਤੇ ਪਹੁੰਚੇ। ਉੱਥੇ ਬਦਮਾਸ਼ਾਂ ਨੇ ਕਰਿੰਦੇ ਨੂੰ ਡਰਾ ਕੇ ਪੈਸੇ ਲੁੱਟਣ ਦੀ ਕੋਸ਼ਿਸ਼ ਕੀਤੀ। ਪਰ ਕਰਿੰਦੇ ਨੇ ਅੱਗਿਓਂ ਡਰਨ ਦੀ ਬਜਾਏ ਅਜਿਹਾ ਸਾਹਸ ਦਿਖਾਇਆ ਕਿ ਬਦਮਾਸ਼ ਘਬਰਾ ਗਏ ਤੇ ਉੱਥੋਂ ਖਾਲੀ ਹੱਥ ਭੱਜਣ ਲਈ ਮਜਬੂਰ ਹੋ ਗਏ। ਢਿਲਵਾਂ ਚ ਨਾਕਾਮ ਹੋਣ ਤੋਂ ਬਾਅਦ ਇਨ੍ਹਾਂ ਬਦਮਾਸ਼ਾਂ ਨੇ ਪਿੰਡ ਸੁਖਪੁਰਾ ਮੌੜ ਦੇ ਠੇਕੇ ਤੇ ਧਾਵਾ ਬੋਲਿਆ। ਇਥੇ ਉਨ੍ਹਾਂ ਨੇ ਕਰਿੰਦੇ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਡਰਾਇਆ ਤੇ ਗੱਲੇ ’ਚੋਂ 20 ਤੋਂ 25 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਇਸ ਤੋਂ ਬਾਅਦ ਬਦਮਾਸ਼ਾਂ ਨੇ ਬਰਨਾਲਾ ਸ਼ਹਿਰ ਦੇ ਬਾਜਾਖਾਨਾ ਰੋਡ ਤੇ ਸਥਿਤ ਜੇਲ੍ਹ ਦੇ ਕੋਲ ਜਿੰਦਲ ਵਾਈਨ` ਦੇ ਠੇਕੇ ਨੂੰ ਨਿਸ਼ਾਨਾ ਬਣਾਇਆ। ਜਿਥੋਂ ਉਹ ਕਰੀਬ 35 ਤੋਂ 40 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਸਭ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਬਡਬਰ ਸਥਿਤ ਠੇਕੇ ਤੇ ਵਾਪਰੀ। ਇਥੇ ਜਦੋਂ ਲੁਟੇਰਿਆਂ ਨੇ ਪੈਸਿਆਂ ਦੀ ਮੰਗ ਕੀਤੀ ਤਾਂ ਅੰਦਰ ਮੌਜੂਦ ਬਹਾਦਰ ਨਾਂਅ ਦੇ ਕਰਿੰਦੇ ਨੇ ਸਮਰਪਣ ਕਰਨ ਦੀ ਬਜਾਏ ਮੁਕਾਬਲਾ ਸ਼ੁਰੂ ਕਰ ਦਿੱਤਾ। ਲੁਟੇਰਿਆਂ ਨੇ ਆਪਣੇ ਕੋਲ ਮੌਜੂਦ ਭਾਰੀ ਹਥੌੜਿਆਂ ਨਾਲ ਠੇਕੇ ਦੀ ਲੋਹੇ ਦੀ ਜਾਲੀ ਤੋੜਨੀ ਸ਼ੁਰੂ ਕਰ ਦਿੱਤੀ ਤਾਂ ਜੋ ਅੰਦਰ ਦਾਖਲ ਹੋ ਸਕਣ। ਇਸ ਦੇ ਜਵਾਬ ’ਚ ਕਰਿੰਦੇ ਨੇ ਅੰਦਰੋਂ ਸ਼ਰਾਬ ਦੀਆਂ ਭਰੀਆਂ ਬੋਤਲਾਂ ਉਨ੍ਹਾਂ ਤੇ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਕਰੀਬ ਦੋ ਪੇਟੀਆਂ ਬੋਤਲਾਂ ਦੀ ਬਰਸਾਤ ਹੁੰਦੀ ਦੇਖ ਲੁਟੇਰੇ ਪਸਤ ਹੋ ਗਏ ਤੇ ਆਪਣੀ ਜਾਨ ਬਚਾ ਕੇ ਲੌਂਗੋਵਾਲ ਵੱਲ ਭੱਜ ਨਿਕਲੇ। ਠੇਕੇਦਾਰਾਂ ਚ ਰੋਸ: ਪੁਲਿਸ ਗਸ਼ਤ ਵਧਾਉਣ ਦੀ ਮੰਗ ਸੂਦ ਵਾਈ ਦੇ ਮਾਲਕ ਸਚਿਨ ਸੂਦ ਤੇ ਸੰਜੀਵ ਭਾਲੂ ਨੇ ਇਸ ਘਟਨਾ ਤੇ ਗਹਿਰੇ ਰੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਜਿਹੀਆਂ ਵਾਰਦਾਤਾਂ ਕਾਰਨ ਠੇਕੇਦਾਰਾਂ  ਚ ਡਰ ਦਾ ਮਾਹੌਲ ਹੈ। ਉਨ੍ਹਾਂ ਨੇ ਐੱਸਐੱਸਪੀ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਰਾਤ ਦੇ ਸਮੇਂ ਪੁਲਿਸ ਦੀ ਗਸ਼ਤ ਤੁਰੰਤ ਵਧਾਈ ਜਾਵੇ। ਸੀਸੀਟੀਵੀ ਫੁਟੇਜ ਦੀ ਮਦਦ ਨਾਲ ਲੁਟੇਰਿਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ। ਸ਼ਰਾਬ ਦੇ ਠੇਕਿਆਂ ਤੇ ਸੰਵੇਦਨਸ਼ੀਲ ਥਾਵਾਂ ਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣ। ਸੀਸੀਟੀਵੀ ਫੁਟੇਜ ਖੰਗਾਲ ਕੇ ਤੁਰੰਤ ਇਨ੍ਹਾਂ ਤਿੰਨਾਂ ਅਣਪਛਾਤੇ ਲੁਟੇਰਿਆਂ ਦੀ ਪਛਾਣ ਕਰਦਿਆਂ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਚ ਕੋਈ ਅਜਿਹੀ ਹਿਮਾਕਤ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਰਹਿੰਦੇ ਇਨ੍ਹਾਂ `ਤੇ ਕਾਰਵਾਈ ਨਾ ਕੀਤੀ ਗਈ ਤਾਂ ਭਵਿੱਖ ਚ ਅਜਿਹੀਆਂ ਘਟਨਾਵਾਂ ਹੋਰ ਵਧ ਸਕਦੀਆਂ ਹਨ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ: ਪੁਲਿਸ
ਪੁਲਿਸ ਪ੍ਰਸ਼ਾਸਨ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਤੇਜ਼ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵੱਖ ਵੱਖ ਥਾਵਾਂ ਤੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਬਹੁਤ ਜਲਦ ਲੁਟੇਰੇ ਪੁਲਿਸ ਦੀ ਗ੍ਰਿਫ਼ਤ ਚ ਹੋਣਗੇ। ਇਸ ਵਾਰਦਾਤ ਨੇ ਪੂਰੇ ਜ਼ਿਲ੍ਹੇ ਚ ਕਾਨੂੰਨ ਵਿਵਸਥਾ ਦੀ ਸਥਿਤੀ ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।

Leave a Reply

Your email address will not be published. Required fields are marked *