ਸੋਨੀ ਗੋਇਲ ਹੱਕ ਸੱਚ ਦੀ ਬਾਣੀ

ਪਾਣੀ ਦੀ ਕਿੱਲਤ ਹੋਵੇਗੀ ਦੂਰ, 5 ਵਾਰਡਾਂ ਦੇ ਵਾਸੀਆਂ ਨੂੰ ਮਿਲੇਗੀ ਸਹੂਲਤ

ਬਰਨਾਲਾ, 2 ਸਤੰਬਰ

ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਏਥੇ ਚਿੰਟੂ ਪਾਰਕ ਵਿਚ 45 ਲੱਖ ਦੀ ਲਾਗਤ ਵਾਲੇ ਨਵੇਂ ਟਿਊਬਵੈੱਲ ਦਾ ਉਦਘਾਟਨ ਕੀਤਾ।
ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਓਹਨਾਂ ਕਿਹਾ ਕਿ ਚਿੰਟੂ ਪਾਰਕ ਦੇ ਆਸ – ਪਾਸ ਦੇ ਇਲਾਕਿਆਂ ਵਿਚ ਪਾਣੀ ਦੀ ਕਾਫੀ ਕਿੱਲਤ ਆਉਂਦੀ ਸੀ ਤੇ ਇਸ ਇਲਾਕੇ ਦੀ ਲੰਮੇ ਸਮੇਂ ਦੀ ਮੰਗ ਸੀ ਜਿਸ ਦੇ ਮੱਦੇਨਜ਼ਰ ਨਵਾਂ ਟਿਊਬਵੈੱਲ ਲਾਇਆ ਗਿਆ ਹੈ ਜਿਸ ਨਾਲ ਵਾਰਡ ਨੰਬਰ 29, 30, 39, 40 , 41 ਦੇ ਵਾਸੀਆਂ ਨੂੰ ਪਾਣੀ ਦੀ ਸਹੂਲਤ ਮਿਲੇਗੀ ਅਤੇ ਪੀਣ ਵਾਲੇ ਪਾਣੀ ਦੀ ਕਿੱਲਤ ਦੀ ਵੱਡੀ ਸਮੱਸਿਆ ਹੱਲ ਹੋਵੇਗੀ।
    ਓਹਨਾਂ ਕਿਹਾ ਕਿ ਇਸ ਤੋਂ ਪਹਿਲਾਂ 4 ਹੋਰ ਟਿਊਬਵੈੱਲ ਵੱਖ ਵੱਖ ਇਲਾਕਿਆਂ ਵਿਚ ਲਗਾਏ ਜਾ ਚੁੱਕੇ ਹਨ ਅਤੇ ਕਰੀਬ 5 ਨਵੇਂ ਟਿਊਬਵੈਲਾਂ ਦਾ ਐਸਟੀਮੇਟ ਤਿਆਰ ਕੀਤਾ ਜਾ ਰਿਹਾ ਹੈ।
  ਓਹਨਾਂ ਕਿਹਾ ਕਿ ਸ਼ਹਿਰ ਵਿਚ ਜਿਥੇ ਨਵੇਂ ਟਿਊਬਵੈੱਲ ਲਾਏ ਜਾ ਰਹੇ ਹਨ ਓਥੇ ਵਾਰੋ ਵਾਰੀ ਪਾਇਪਲਾਈਨ ਵੀ ਬਦਲੀ ਜਾ ਰਹੀ ਹੈ। 80 ਕਿਲੋਮੀਟਰ ਦੇ ਕਰੀਬ ਸੀਵਰੇਜ ਪਾਇਪ ਲਾਈਨ ਬਦਲੀ ਜਾ ਰਹੀ ਹੈ ਅਤੇ ਕਈ ਜਗ੍ਹਾ ਉੱਤੇ ਪਹਿਲੀ ਵਾਰ ਸੀਵਰੇਜ ਸਿਸਟਮ ਪਾਇਆ ਜਾ ਰਿਹਾ ਹੈ ਜਿਸ ਨਾਲ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ।
  ਇਸ ਮੌਕੇ ਮੇਅਰ ਹਸਨ ਭਾਰਦਵਾਜ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੇ ਮਸਲਿਆਂ ਦੇ ਹੱਲ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਦਫਤਰ ਨਗਰ ਨਿਗਮ ਵਿਚ ਸਹਾਇਤਾ ਕੇਂਦਰ ਬਣਾਇਆ ਗਿਆ ਹੈ। ਸ਼ਹਿਰ ਵਿਚ ਸਫ਼ਾਈ ਮੁਹਿੰਮ ਜ਼ੋਰਾਂ ਉੱਤੇ ਚੱਲ ਰਹੀ ਹੈ। ਅੱਜ ਚਿੰਟੂ ਪਾਰਕ ਵਿਚ ਸਫ਼ਾਈ ਕੀਤੀ ਗਈ ਹੈ ਤੇ ਇਸ ਤੋਂ ਪਹਿਲਾਂ ਕਚਹਿਰੀ ਚੌਕ ਖੇਤਰ, 22 ਏਕੜ, ਸਦਰ ਬਜ਼ਾਰ ਆਦਿ ਥਾਵਾਂ ਉੱਤੇ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ।
ਓਹਨਾਂ ਕਿਹਾ ਕਿ ਬਰਨਾਲਾ ਵਾਸੀਆਂ ਦੇ ਘਰਾਂ ਅੱਗੇ ਸਕੈਨਰ ਲਗਾਏ ਜਾਣਗੇ ਅਤੇ ਸਾਰੀਆਂ ਸੇਵਾਵਾਂ ਆਨਲਾਈਨ ਕੀਤੀਆਂ ਜਾਣਗੀਆਂ।
ਓਹਨਾਂ ਬਰਨਾਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਰਨਾਲੇ ਨੂੰ ਸਾਫ ਸੁਥਰਾ ਰੱਖਣ ਵਿਚ ਸਹਿਯੋਗ ਦੇਣ ਅਤੇ ਸੀਵਰੇਜ ਵਿਚ ਪਲਾਸਟਿਕ ਲਿਫਾਫੇ ਆਦਿ ਨਾ ਸੁੱਟੇ ਜਾਣ ਤਾਂ ਜੋ ਸੀਵਰੇਜ ਬਲਾਕ ਹੋਣ ਦੀ ਸਮੱਸਿਆ ਨਾ ਆਵੇ।

Leave a Reply

Your email address will not be published. Required fields are marked *