ਸੋਨੀ ਗੋਇਲ ਹੱਕ ਸੱਚ ਦੀ ਬਾਣੀ
ਆਪ’ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਚੋਣ ਨਤੀਜਿਆਂ ਤੋਂ ਬਾਅਦ ਅੱਜ ਨਗਰ ਨਿਗਮ ਬਰਨਾਲਾ ਅਤੇ ਨਗਰ ਕੌਂਸਲ ਧਨੌਲਾ ਦੇ ਜੇਤੂ ਕੌਂਸਲਰਾਂ ਨੂੰ ਵਧਾਈ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇਹ ਚੋਣਾਂ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਸਨ, ਜਿਸ ਵਿੱਚ ਬਰਨਾਲਾ ਅਤੇ ਪੂਰੇ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਚਾਰ ਸਾਲਾਂ ਦੇ ਵਿਕਾਸ ਕਾਰਜਾਂ ‘ਤੇ ਮੋਹਰ ਲਗਾਈ ਹੈ। ਮੀਤ ਹੇਅਰ ਨੇ ਬਰਨਾਲਾ ਦੇ ਵੋਟਰਾਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਮੁਫ਼ਤ ਬਿਜਲੀ, ਬਿਨਾਂ ਸਿਫ਼ਾਰਿਸ਼ ਦੇ ਸਰਕਾਰੀ ਨੌਕਰੀਆਂ ਅਤੇ 10 ਲੱਖ ਰੁਪਏ ਤੱਕ ਦੇ ਸਿਹਤ ਬੀਮਾ ਵਰਗੇ ਇਤਿਹਾਸਕ ਕੰਮਾਂ ਨੂੰ ਦੇਖ ਕੇ ਵੋਟਾਂ ਪਾਈਆਂ ਹਨ। ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ‘ਆਪ’ ਨੂੰ ਇਕੱਲੇ ਬਰਨਾਲਾ ਸ਼ਹਿਰ ਵਿੱਚੋਂ ਲਗਪਗ 46.47 ਫ਼ੀਸਦੀ ਵੋਟਾਂ ਮਿਲੀਆਂ ਹਨ, ਜਦੋਂਕਿ ਦੂਜੇ ਨੰਬਰ ’ਤੇ ਰਹੀ ਕਾਂਗਰਸ ਨੂੰ 16 ਫ਼ੀਸਦੀ, ਭਾਜਪਾ ਨੂੰ 12.48 ਫ਼ੀਸਦੀ ਅਤੇ ਅਕਾਲੀ ਦਲ ਨੂੰ ਸਿਰਫ਼ 11 ਫ਼ੀਸਦੀ ਵੋਟਾਂ ਹੀ ਮਿਲ ਸਕੀਆਂ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੀ ਸਾਂਝੀ ਵੋਟ ਪ੍ਰਤੀਸ਼ਤ 39 ਫ਼ੀਸਦੀ ਵੀ ‘ਆਪ’ ਨਾਲੋਂ 7 ਫ਼ੀਸਦੀ ਘੱਟ ਹੈ। ਸੰਸਦ ਮੈਂਬਰ ਨੇ ਤਨਜ਼ ਕਸਦਿਆਂ ਕਿਹਾ ਕਿ ਕਹਿਣ ਨੂੰ ਵਿਰੋਧੀ ਜੋ ਮਰਜ਼ੀ ਕਹਿਣ, ਪਰ ਸੱਚਾਈ ਇਹ ਹੈ ਕਿ ਉਨ੍ਹਾਂ ਨੂੰ ਚੋਣਾਂ ਲੜਾਉਣ ਲਈ 50 ਬੰਦੇ ਵੀ ਨਹੀਂ ਮਿਲੇ। ਭਾਜਪਾ ਨੇ 27, ਅਕਾਲੀ ਦਲ ਨੇ 27 ਅਤੇ ਕਾਂਗਰਸ ਨੇ 39 ਉਮੀਦਵਾਰ ਖੜ੍ਹੇ ਕੀਤੇ ਸਨ। ਉਨ੍ਹਾਂ ਦੱਸਿਆ ਕਿ ਧਨੌਲਾ ਦੇ ਅੰਦਰ ਵਿਰੋਧੀਆਂ ਨੇ ਸਾਂਝੇ ਉਮੀਦਵਾਰ ਖੜ੍ਹੇ ਕੀਤੇ ਸਨ, ਫਿਰ ਵੀ 13 ਵਿੱਚੋਂ 8 ਸੀਟਾਂ ‘ਆਪ’ ਨੇ ਜਿੱਤੀਆਂ ਹਨ। ਵਿਰੋਧੀਆਂ ਵੱਲੋਂ ਧੱਕੇਸ਼ਾਹੀ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਨਕਾਰਦਿਆਂ ਮੀਤ ਹੇਅਰ ਨੇ ਕਿਹਾ ਕਿ ਚੋਣਾਂ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਵੀਡੀਓਗ੍ਰਾਫੀ ਦੀ ਨਿਗਰਾਨੀ ਹੇਠ ਹੋਈਆਂ ਹਨ। ਹਰ ਪੋਲਿੰਗ ਸਟੇਸ਼ਨ ‘ਤੇ ਚਾਰ ਮੁਲਾਜ਼ਮ ਤਾਇਨਾਤ ਸਨ, ਵੋਟਰ ਆਈ ਡੀ ਦੀ ਜਾਂਚ, ਰਜਿਸਟਰ ‘ਤੇ ਦਸਤਖਤ ਅਤੇ ਹਰ ਘੰਟੇ ਦੀ ਰਿਪੋਰਟ ਐੱਸ ਡੀ ਐੱਮ ਦਫ਼ਤਰ ਭੇਜੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦੇ ਵੱਡੇ ਆਗੂ, ਮੌਜੂਦਾ ਵਿਧਾਇਕ ਅਤੇ ਹਲਕਾ ਇੰਚਾਰਜ ਆਪਣੇ ਹੀ ਵਾਰਡਾਂ ਵਿੱਚੋਂ ਹਾਰ ਗਏ ਹਨ, ਉਹ ਹੁਣ ਹਾਰ ਦੇ ਬਹਾਨੇ ਲੱਭ ਰਹੇ ਹਨ।






